ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ 22 ਸੂਬਿਆਂ ਨੇ ਘਟਾਇਆ ਪੈਟਰੋਲ-ਡੀਜ਼ਲ ‘ਤੇ ਵੈਟ, ਇਨ੍ਹਾਂ ਦੋ ਸੂਬਿਆਂ ਨੇ ਕੀਤਾ ਇਨਕਾਰ

ਨਵੀਂ ਦਿੱਲੀ,6 ਨਵੰਬਰ (ਪੀ.ਵੀ ਨਿਊਜ਼) ਭਾਰਤ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ‘ਤੇ ਕੇਂਦਰੀ ਐਕਸਾਈਜ਼ ਡਿਊਟੀ ਕ੍ਰਮਵਾਰ 5 ਰੁਪਏ ਤੇ 10 ਰੁਪਏ ਘਟਾਉਣ ਦੇ ਫੈਸਲੇ ਤੋਂ ਬਾਅਦ ਦੇਸ਼ ਦੇ 22 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੈਟਰੋਲ-ਡੀਜ਼ਲ ‘ਤੇ ਵੈਟ ਘਟਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਅਜੇ ਵੀ ਦੇਸ਼ ਦੇ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੈਟਰੋਲ-ਡੀਜ਼ਲ ‘ਤੇ ਵੈਟ ਨਹੀਂ ਘਟਾਇਆ ਹੈ। ਖਾਸ ਕਰਕੇ ਭਾਜਪਾ ਸ਼ਾਸਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੈਟ ਵਿੱਚ ਕਟੌਤੀ ਨਾਲ ਇਹਨਾਂ ਸੂਬਿਆਂ ‘ਚ ਪੈਟਰੋਲ ਦੀਆਂ ਕੀਮਤਾਂ ਵਿੱਚ 8.7 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 9.52 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਹੋਈ ਹੈ।

ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 10 ਰੁਪਏ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਕੇਂਦਰ ਸਰਕਾਰ ਦੀ ਪਹਿਲਕਦਮੀ ਤੋਂ ਬਾਅਦ ਭਾਜਪਾ ਸ਼ਾਸਤ ਸੂਬਿਆਂ ਨੇ ਸਥਾਨਕ ਵੈਟ ਦੀਆਂ ਦਰਾਂ ‘ਚ ਕਟੌਤੀ ਕੀਤੀ ਹੈ ਜਿਸ ਕਾਰਨ ਦੇਸ਼ ਦੇ 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਖ-ਵੱਖ ਪੱਧਰਾਂ ‘ਤੇ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਦਿੱਲੀ ਵਰਗੇ ਗੈਰ-ਭਾਜਪਾ ਸ਼ਾਸਿਤ ਰਾਜਾਂ ਨੇ ਅਜੇ ਵੀ ਸਥਾਨਕ ਡਿਊਟੀ ‘ਚ ਕਟੌਤੀ ਨਹੀਂ ਕੀਤੀ ਹੈ। ਇਸ ਨੂੰ ਲੈ ਕੇ ਭਾਜਪਾ ਨੇ ਸਵਾਲ ਚੁੱਕੇ ਹਨ।

ਜਿਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੈਟਰੋਲੀਅਮ ਉਤਪਾਦਾਂ ‘ਤੇ ਵੈਟ ਘਟਾਇਆ ਹੈ, ਉਨ੍ਹਾਂ ਵਿੱਚ ਕਰਨਾਟਕ, ਪੁਡੂਚੇਰੀ, ਬਿਹਾਰ, ਮੱਧ ਪ੍ਰਦੇਸ਼, ਗੋਆ, ਗੁਜਰਾਤ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਨਾਗਾਲੈਂਡ, ਤ੍ਰਿਪੁਰਾ, ਅਸਾਮ, ਸਿੱਕਮ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਲੱਦਾਖ ਸ਼ਾਮਲ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਪੱਧਰ ‘ਤੇ ਕੀਤੀ ਗਈ ਡਿਊਟੀ ਕਟੌਤੀ ਸਭ ਤੋਂ ਵੱਧ ਹੈ ਜਦਕਿ ਉੱਤਰਾਖੰਡ ਸਰਕਾਰ ਦੇ ਪੱਧਰ ‘ਤੇ ਕੀਤੀ ਗਈ ਕਟੌਤੀ ਸਭ ਤੋਂ ਘੱਟ ਹੈ। ਉਤਰਾਖੰਡ ਨੇ ਪੈਟਰੋਲ ‘ਤੇ ਵੈਟ ‘ਚ 1.97 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ ਜਦਕਿ ਲੱਦਾਖ ਨੇ 8.97 ਰੁਪਏ ਵੈਟ ਦੀ ਕਟੌਤੀ ਕੀਤੀ ਹੈ।

ਆਂਧਰਾ ਪ੍ਰਦੇਸ਼ ਨੇ ਦਿੱਤਾ ਆਰਥਿਕ ਦੁਰਦਸ਼ਾ ਦਾ ਹਵਾਲਾ

ਆਂਧਰਾ ਪ੍ਰਦੇਸ਼ ਤੇ ਕੇਰਲ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰਾਵਤੀ ‘ਚ ਆਂਧਰਾ ਪ੍ਰਦੇਸ਼ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, “ਅਸੀਂ ਇਸ ਮਾਮਲੇ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ, ਪਰ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਅਸੀਂ ਵੈਟ ਘਟਾਵਾਂਗੇ। ਸਾਡੀ ਮਾੜੀ ਆਰਥਿਕ ਹਾਲਤ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਮੇਘਾਲਿਆ ਨੇ ਵੈਟ 5.20 ਰੁਪਏ ਪ੍ਰਤੀ ਲੀਟਰ ਘਟਾਇਆ

ਮੇਘਾਲਿਆ ਦੀ ਜਮਹੂਰੀ ਗਠਜੋੜ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ 5.20 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਐਲਾਨ ਕੀਤਾ ਹੈ। ਸੂਬੇ ਦੇ ਉਪ ਮੁੱਖ ਮੰਤਰੀ ਪ੍ਰੀਸਟੋਨ ਟਿਨਸੋਂਗ ਨੇ ਇਹ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਹੁਣ ਉਨ੍ਹਾਂ ਦੇ ਸੂਬੇ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿੱਚ ਸਭ ਤੋਂ ਘੱਟ ਹੋਣਗੀਆਂ।

Leave a Reply

Your email address will not be published. Required fields are marked *