ਪਤਨੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਪਤੀ ਖਿਲਾਫ ਮੁਕੱਦਮਾ ਦਰਜ

ਲੁਧਿਆਣਾ ,3 ਨਵੰਬਰ (ਪੀ.ਵੀ ਨਿਊਜ਼) ਸਕੂਲ ‘ਚ ਬੱਚੇ ਵੱਲੋਂ ਘੱਟ ਬੋਲਣ ਦਾ ਖਮਿਆਜ਼ਾ ਉਸ ਦੀ ਮਾਂ ਨੂੰ ਭੁਗਤਣਾ ਪਿਆ। ਇਸ ਘਟਨਾ ਤੋਂ ਬੁਰੀ ਤਰ੍ਹਾਂ ਖ਼ਫ਼ਾ ਹੋਏ ਔਰਤ ਦੇ ਪਤੀ ਨੇ ਉਸ ਦਾ ਮੋਬਾਇਲ ਫ਼ੋਨ ਤੋੜ ਕੇ ਨਾ ਸਿਰਫ਼ ਉਸ ਦੀ ਕੁੱਟਮਾਰ ਕੀਤੀ ਬਲਕਿ ਕਮਰੇ ਵਿਚ ਬੰਦ ਵੀ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕਿਚਲੂ ਨਗਰ ਦੀ ਰਹਿਣ ਵਾਲੀ ਦਿਵਿਆ ਨਈਅਰ ਦੇ ਬਿਆਨਾਂ ਉਪਰ ਉਸ ਦਾ ਪਤੀ ਵਿਸ਼ਾਲ ਨਈਅਰ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦਿਵਿਆ ਨਈਅਰ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੀ ਐਡਮਿਸ਼ਨ ਲਈ ਪਤੀ ਦੇ ਨਾਲ ਸਕੂਲ ਵਿਚ ਇੰਟਰਵਿਊ ਦੇਣ ਗਈ ਸੀ। ਸਕੂਲ ਵਿਚ ਇੰਟਰਵਿਊ ਦੇ ਦੌਰਾਨ ਬੱਚਾ ਬਹੁਤ ਘੱਟ ਬੋਲਿਆ। ਬੱਚੇ ਦੇ ਘੱਟ ਬੋਲਣ ‘ਤੇ ਦਿਵਿਆ ਦਾ ਪਤੀ ਵਿਸ਼ਾਲ ਨਈਅਰ ਬੁਰੀ ਤਰ੍ਹਾਂ ਗੁੱਸੇ ਵਿਚ ਆ ਗਿਆ ਅਤੇ ਰਸਤੇ ਵਿਚ ਹੀ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ। ਦਿਵਿਆ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਵਿਸ਼ਾਲ ਨੇ ਰਸਤੇ ਵਿਚ ਉਸ ਦਾ ਮੋਬਾਇਲ ਫ਼ੋਨ ਤੋੜ ਦਿੱਤਾ ਅਤੇ ਘਰ ਜਾ ਕੇ ਫਿਰ ਤੋਂ ਕੁੱਟਮਾਰ ਕੀਤੀ ਅਤੇ ਕਮਰੇ ਵਿਚ ਬੰਦ ਕਰ ਦਿੱਤਾ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਘਰ ਤੋਂ ਚਲਾ ਗਿਆ। ਇਸ ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਿਵਿਆ ਨਈਅਰ ਦੇ ਬਿਆਨਾਂ ਉਪਰ ਵਿਸ਼ਾਲ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *