ਹਾਕੀ ਓਲੰਪੀਅਨ ਪਰਗਟ ਸਿੰਘ ਹਾਕੀ ਪੰਜਾਬ ਦੇ ਸਰਵਸੰਮਤੀ ਨਾਲ ਪ੍ਰਧਾਨ ਚੁਣੇ

ਅੱਜ ਜੋ ਵੀ ਹਾਂ, ਹਾਕੀ ਖੇਡ ਬਦੌਲਤ ਹਾਂ: ਪਰਗਟ ਸਿੰਘ

ਜਲੰਧਰ, 30 ਅਕਤੂਬਰ (ਪੀ.ਵੀ ਨਿਊਜ਼)ਟੋਕੀਓ ਵਿਖੇ ਸੰਪੰਨ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਤਮਗਾ ਜਿੱਤ ਕੇ ਹਾਕੀ ਦੀ ਮੁੜ ਸੁਰਜੀਤੀ ਕੀਤੀ ਹੈ ਅਤੇ ਇਸ ਮਾਹੌਲ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਤੇ ਹਾਕੀ ਪੰਜਾਬ ਵੱਲੋਂ ਮਿਲ ਕੇ ਉਪਰਾਲੇ ਕੀਤੇ ਜਾਣਗੇ। ਹਾਕੀ ਨੂੰ ਹੋਰ ਹੁਲਾਰਾ ਦੇਣ ਲਈ ਜਿੱਥੇ ਲੋੜੀੰਦੀਆਂ ਥਾਂਵਾਂ ਉਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਉਥੇ ਕੋਚਾਂ ਦੀ ਤਾਇਨਾਤੀ ਅਤੇ ਖਿਡਾਰੀਆਂ ਨੂੰ ਕਿੱਟਾਂ ਤੇ ਖੇਡਾਂ ਦਾ ਸਮਾਨ ਵੀ ਵੰਡਿਆ ਜਾਵੇਗਾ। ਇਹ ਗੱਲ ਹਾਕੀ ਓਲੰਪੀਅਨ ਅਤੇ ਸੂਬੇ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਜਲੰਧਰ ਹਾਕੀ ਪੰਜਾਬ ਦੀ ਅੱਜ ਸਾਲਾਨਾ ਜਨਰਲ ਮੀਟਿੰਗ ਵਿੱਚ ਅਗਲੇ ਚਾਰ ਸਾਲਾਂ ਲਈ ਹਾਕੀ ਪੰਜਾਬ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਕਹੀ।

ਪਰਗਟ ਸਿੰਘ ਨੇ ਕਿਹਾ ਕਿ ਅੱਜ ਉਹ ਜੋ ਵੀ ਹਨ, ਉਹ ਹਾਕੀ ਖੇਡ ਬਦੌਲਤ ਹੀ ਹਨ। ਉਹ ਤਾਉਮਰ ਹਾਕੀ ਖੇਡ ਨੂੰ ਸਮਰਪਿਤ ਰਹਾਂਗਾ ਅਤੇ ਖਿਡਾਰੀਆਂ ਲਈ ਹਰ ਸਮੇਂ ਮੌਜੂਦ ਰਹਾਂਗਾ।ਸਰਵਸੰਮਤੀ ਨਾਲ ਪ੍ਰਧਾਨ ਵਜੋਂ ਚੁਣੇ ਜਾਣ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾ ਸਕੱਤਰ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਸਾਰਿਆਂ ਦਾ ਸਹਿਯੋਗ ਮਿਲਦਾ ਹੈ ਅਤੇ ਆਸ ਕਰਦਾ ਹਨ ਕਿ ਇਹ ਸਹਿਯੋਗ ਭਵਿੱਖ ਵਿੱਚ ਵੀ ਮਿਲਦਾ ਰਹੇਗਾ।

ਹਾਕੀ ਪੰਜਾਬ ਦੀ ਸਰਵਸੰਮਤੀ ਨਾਲ ਹੋਈ ਚੋਣ ਵਿੱਚ ਨਿਤੀਨ ਕੋਹਲੀ ਨੂੰ ਜਨਰਲ ਸਕੱਤਰ ਤੇ ਦਲਜੀਤ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਹਾਕੀ ਪੰਜਾਬ ਦੀ ਬਾਕੀ ਕਾਰਜਕਾਰਨੀ ਬਣਾਏ ਜਾਣ ਦੇ ਅਧਿਕਾਰ ਹਾਕੀ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਜਨਰਲ ਸਕੱਤਰ ਨਿਤਿਨ ਕੋਹਲੀ ਨੂੰ ਦਿੱਤੇ ਗਏ।

ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ ਹਾਕੀ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਭਾਗ ਲਿਆ। ਇਸ ਮੌਕੇ ਤੇ ਪੰਜਾਬ ਖੇਡ ਵਿਭਾਗ ਦੇ ਜਾਇੰਟ ਡਾਇਰੈਕਟਰ ਕਰਤਾਰ ਸਿੰਘ ਆਬਜ਼ਰਵਰ ਦੇ ਤੌਰ ਤੇ ਸ਼ਾਮਲ ਹੋਏ ਜਦਕਿ ਨਵਦੀਪ ਸਿੰਘ ਗਿੱਲ਼ ਪੰਜਾਬ ਉਲੰਪਿਕ ਐਸੋਸੀਏਸ਼ਨ ਵਲੋਂ ਸ਼ਾਮਲ ਹੋਏ। ਇਸ ਮੌਕੇ ਤੇ ਹਾਕੀ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਹਾਕੀ ਪੰਜਾਬ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਅਤੇ ਸਾਰੇ ਜਿਲ੍ਹਾ ਯੂਨਿਟਾਂ ਦੀ ਤਾਰੀਫ ਕਰਦੇ ਹੋਏ ਹਾਕੀ ਨੂੰ ਹੋਰ ਪ੍ਰਫੂਲਤ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਉਲੰਪੀਅਨ ਵਰਿੰਦਰ ਸਿੰਘ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਮਰੀਕ ਸਿੰਘ ਪੁਆਰ, ਲਖਵਿੰਦਰ ਪਾਲ ਸਿੰਘ ਖਹਿਰਾ, ਸਵਿੰਦਰ ਸਿੰਘ ਬਿੱਲਾ, ਸੁਰਿੰਦਰ ਸਿੰਘ ਭਾਪਾ, ਸ਼ਰਨਜੀਤ ਕੌਰ ਸਾਬਕਾ ਅੰਤਰਰਾਸ਼ਟਰੀ ਖਿਡਾਰਣ, ਐਚ ਐਮ ਵੀ ਕਾਲਜ ਦੀ ਪ੍ਰਿੰਸੀਪਲ ਡਾਕਟਰ ਅਜੇ ਸਰੀਨ, ਰਿਪੁਦਮਨ ਕੁਮਾਰ ਸਿੰਘ, ਗੁਰਮੀਤ ਸਿੰਘ, ਹਰਿੰਦਰ ਸੰਘਾ, ਕੁਲਬੀਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *