ਨਿਊਜ਼ੀਲੈਂਡ ‘ਚ ਹੋਈ ਭਾਰਤੀ ਜੋੜੇ ਦੀ ਅਣਬਣ, ਪੰਜਾਬ ਵਾਪਸ ਆ ਕੇ ਲੜਕੀ ਨੇ ਪਤੀ ਤੇ ਸੱਸ ‘ਤੇ ਕਰਵਾਏ ਦੋ ਪਰਚੇ ਦਰਜ

ਫਿਰੋਜ਼ਪੁਰ,28 ਅਕਤੂਬਰ (ਪੀ.ਵੀ ਨਿਊਜ਼) ਸਾਲ 2017 ਵਿਚ ਵਿਆਹ ਕਰਵਾ ਕੇ ਪਤੀ ਨਾਲ ਨਿਊਜ਼ੀਲੈਂਡ ਰਹਿ ਰਹੀ ਇਕ ਲੜਕੀ ਦੀ ਉੱਥੇ ਪਤੀ ਨਾਲ ਹੋਈ ਅਣਬਣ ਮਗਰੋਂ ਵਿਆਹੁਤਾ ਵੱਲੋਂ ਪੰਜਾਬ ਆ ਕੇ ਸਹੁਰੇ ਪਰਿਵਾਰ ਖਿਲਾਫ ਵੱਖ ਵੱਖ ਸ਼ਹਿਰਾਂ ਵਿਚ ਦੋ ਪਰਚੇ ਦਰਜ ਕਰਵਾਏ ਜਾਣ ਦੀ ਖ਼ਬਰ ਹੈ। ਇਸ ਸਬੰਧੀ ਕਥਿਤ ਤੌਰ ‘ਤੇ ਵਿਆਹੁਤਾ ਕੋਲੋਂ ਦਾਜ ਵਿਚ 50 ਲੱਖ ਰੁਪਏ ਮੰਗਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਤਾਜ਼ਾ ਮਾਮਲਾ ਮਹਿਲਾ ਦੇ ਪਤੀ ਅਤੇ ਵਿਧਵਾ ਸੱਸ ਖਿਲਾਫ ਦੋ ਕੇਸ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਏਐੱਸਆਈ ਰਮਨ ਕੁਮਾਰ ਨੇ ਦੱਸਿਆ ਕਿ ਦਰਖਾਸਤ ਨੰਬਰ 372-ਸੀਪੀਐੱਫ ਸਪੈਸ਼ਲ ਰਾਹੀਂ ਜਸਵੰਤ ਸਿੰਘ ਪੁੱਤਰ ਤਰਲੋਕ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਜਸਲੀਨ ਕੌਰ ਦਾ ਵਿਆਹ ਮਿਤੀ 1 ਅਪ੍ਰੈਲ 2017 ਨੂੰ ਰੀਤੀ ਰਿਵਾਜਾਂ ਨਾਲ ਕੀਤਾ ਸੀ । ਇਸ ਸਮੇਂ ਲੜਕਾ ਕੰਵਲਜੀਤ ਸਿੰਘ ਪੁੱਤਰ ਸਵ. ਦਿਲਬਾਗ ਸਿੰਘ ਵਾਸੀਅਨ ਮਕਾਨ ਨੰਬਰ 17 ਪ੍ਰੀਤ ਨਗਰ ਫਿਰੋਜ਼ਪੁਰ ਸ਼ਹਿਰ ਨਿਊਜ਼ੀਲੈਂਡ ਵਿਖੇ ਰਹਿੰਦਾ ਹੈ। ਵਿਆਹ ਤੋਂ ਬਾਅਦ ਜਸਲੀਨ ਕੌਰ ਨਿਊਜ਼ੀਲੈਂਡ ਚਲੀ ਗਈ ਸੀ। ਦੋਵਾਂ ਦੀ ਆਪਸੀ ਅਣਬਣ ਕਰਕੇ ਸਾਲ 2019 ਵਿਚ ਇੰਡੀਆ ਵਾਪਸ ਆ ਗਈ ਸੀ। ਜਸਲੀਨ ਦੇ ਪਿਤਾ ਨੇ ਦੋਸ਼ ਲਗਾਏ ਦੋਸ਼ੀਅਨ ਪਰਮਜੀਤ ਕੌਰ ਤੇ ਕੰਵਲਜੀਤ ਸਿੰਘ ਜੋ ਦਾਜ ਵਿਚ 50 ਲੱਖ ਰੁਪਏ ਤੇ ਆਪਣੇ ਹਿੱਸੇ ਦੀ ਜ਼ਮੀਨ ਮੰਗਦੇ ਸਨ, ਜਿਸ ‘ਤੇ ਦੋਸ਼ੀਅਨ ਖਿਲਾਫ ਮੁਕੱਦਮਾ ਨੰਬਰ 58/2019 ਅ/ਧ 498-ਏ, 405, 406 ਆਈਪੀਸੀ ਥਾਣਾ ਸਿਟੀ ਫਰੀਦਕੋਟ ਵਿਖੇ ਦਰਜ ਕਰਵਾਇਆ ਗਿਆ ਸੀ। ਜਾਂਚਕਰਤਾ ਨੇ ਦੱਸਿਆ ਕਿ ਬਾਅਦ ਪੜਤਾਲ ਦੋਸ਼ੀ ਪਰਮਜੀਤ ਕੌਰ ਤੇ ਲੜਕੇ ਕੰਵਲਜੀਤ ਸਿੰਘ ਵੱਲੋਂ ਜਸਲੀਨ ਕੌਰ ਨੂੰ ਆਪਣੀ ਜਾਇਦਾਦ ਵਿਚੋਂ ਹਿੱਸਾ ਨਾ ਦੇਣਾ, ਜਾਇਦਾਦ ਤੋਂ ਵਾਂਝਾ ਰੱਖਣਾ ਤੇ ਗੁੰਮਰਾਹ ਕਰਨ ‘ਤੇ ਹੁਣ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਆਈ ਪੀ ਸੀ ਦੀ ਧਾਰਾ 420 ਅਤੇ 120 ਬੀ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਮਾਮਲੇ ਦੇ ਵੇਰਵੇ ਸਮਝਣ ਲਈ ਜਦੋਂ ਥਾਣਾ ਸਿਟੀ ਫਿਰੋਜ਼ਪੁਰ ਦੇ ਤਫਤੀਸ਼ ਅਫਸਰ ਰਮਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਜੇ ਇਸ ਕੇਸ ਸਬੰਧੀ ਜ਼ਿਆਦਾ ਨਹੀਂ ਪਤਾ ਹੈ।

Leave a Reply

Your email address will not be published. Required fields are marked *