ਫਰਜ਼ੀ ਸਿਵਲ ਜੱਜ ਪਤੀ ਸਮੇਤ ਗ੍ਰਿਫ਼ਤਾਰ, ਲੋਕਾਂ ਨਾਲ ਕਰ ਚੁੱਕੀ ਹੈ ਲੱਖਾਂ ਦੀ ਠੱਗੀ

ਬਠਿੰਡਾ ,25 ਅਕਤੂਬਰ (ਪੀ.ਵੀ ਨਿਊਜ਼) ਪੁਲਿਸ ਨੇ ਇਕ ਅਜਿਹੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੀ ਆਪਣੇ ਆਪ ਨੂੰ ਜ਼ਿਲ੍ਹਾ ਸੈਸ਼ਨ ਜੱਜ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਦੀ ਸੀ। ਉਕਤ ਔਰਤ ਨੇ ਆਪਣਾ ਰੋਅਬ ਜਮਾਉਣ ਲਈ ਕਾਰ ਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਪਲੇਟ ਲਗਾ ਰੱਖੀ ਸੀ ਅਤੇ ਫਰਜ਼ੀ ਸ਼ਨਾਖ਼ਤੀ ਕਾਰਡ ਬਣਾਇਆ ਹੋਇਆ ਸੀ। ਇਸ ਫਰਜ਼ੀਵਾੜੇ ਦਾ ਖੁਲਾਸਾ ਕਰਨ ਵਾਲੀ ਥਾਣਾ ਨਥਾਣਾ ਦੀ ਪੁਲਿਸ ਨੇ ਕਥਿਤ ਦੋਸ਼ਣ ਅਤੇ ਉਸਦੇ ਪਤੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਇਸ ਕਾਰਵਾਈ ਦੌਰਾਨ ਉਕਤ ਵਿਅਕਤੀਆਂ ਕੋਲੋਂ ਫਰਜ਼ੀ ਸ਼ਨਾਖਤੀ ਕਾਰਡ, ਜਾਅਲੀ ਨੇਮ ਪਲੇਟ ਲੱਗੀ ਕਾਰ ਬਰਾਮਦ ਕੀਤੀ ਗਈ ਹੈ।

ਕਥਿਤ ਦੋਸ਼ੀਆਂ ਦੀ ਪਛਾਣ ਜਸਬੀਰ ਕੌਰ ਉਸ ਦੇ ਪਤੀ ਕੁਲਵੀਰ ਸਿੰਘ ਵਾਸੀ ਪਿੰਡ ਕਲਿਆਣ ਸੁੱਖਾ ਅਤੇ ਡਰਾਈਵਰ ਪਰਗਟ ਸਿੰਘ ਵਾਸੀ ਪਿੰਡ ਰਾਮਨਵਾਸ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਪੁੱਛਗਿੱਛ ਦੌਰਾਨ ਇਸ ਠੱਗ ਗਿਰੋਹ ਵੱਲੋਂ ਕੀਤੀਆਂ ਗਈਆਂ ਠੱਗੀਆਂ ਦਾ ਵੱਡੇ ਪੱਧਰ ‘ਤੇ ਖੁਲਾਸਾ ਹੋ ਸਕਦਾ ਹੈ ਕਿ ਉਹ ਹੁਣ ਤਕ ਕਿੰਨੇ ਵਿਅਕਤੀਆਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕੀ ਹੈ ਅਤੇ ਠੱਗੀ ਮਾਰਨ ਲਈ ਉਹ ਕਿਸ ਤਰ੍ਹਾਂ ਦੇ ਢੰਗ-ਤਰੀਕੇ ਅਪਣਾਉਂਦੀ ਸੀ। ਇਸ ਗਰੋਹ ਚ ਉਕਤ ਔਰਤ ਦੇ ਨਾਲ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ। ਇਸ ਸੰਬੰਧੀ ਥਾਣਾ ਨਥਾਣਾ ਦੇ ਐੱਸਐੱਚਓ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਜਸਬੀਰ ਕੌਰ ਵਾਸੀ ਪਿੰਡ ਕਲਿਆਣ ਸੁੱਖਾ ਆਪਣੇ ਆਪ ਨੂੰ ਜ਼ਿਲਾ ਸੈਸ਼ਨ ਜੱਜ ਦੱਸ ਕੇ ਲੋਕਾਂ ਨੂੰ ਨੌਕਰੀਆਂ ਦਿਵਾਉਣ ਦੇ ਬਹਾਨੇ ਠੱਗੀਆਂ ਮਾਰ ਰਹੀ ਹੈ। ਇਸ ਧੰਦੇ ਵਿਚ ਉਕਤ ਔਰਤ ਦਾ ਪਤੀ ਅਤੇ ਡਰਾਈਵਰ ਵੀ ਸਾਥ ਦੇ ਰਿਹਾ ਹੈ ਕਥਿਤ ਦੋਸ਼ਣ ਨੇ ਆਪਣੀ ਬਰੀਜ਼ਾ ਗੱਡੀ ਤੇ ਜ਼ਿਲ੍ਹਾ ਸੈਸ਼ਨ ਜੱਜ ਸੂਰਤ ਦੀ ਨੇਮ ਪਲੇਟ ਲਗਾ ਰੱਖੀ ਹੈ ਤਾਂ ਕਿ ਉਹ ਪੁਲਿਸ ਦੀਆਂ ਅੱਖਾਂ ਵਿੱਚ ਮਿੱਟੀ ਪਾ ਸਕੇ ਤੇ ਲੋਕਾਂ ਤੇ ਆਪਣਾ ਦਬਦਬਾ ਕਾਇਮ ਕਰ ਸਕੇ। ਉਕਤ ਔਰਤ ਦਾ ਪਤੀ ਉਸ ਦੇ ਸਹਾਇਕ ਵਜੋਂ ਆਪਣੀ ਪਛਾਣ ਦੱਸਦਾ ਸੀ ਤੇ ਕਥਿਤ ਦੋਸ਼ੀ ਪਰਗਟ ਸਿੰਘ ਡਰਾਈਵਰ ਦਾ ਕੰਮ ਕਰਦਾ ਸੀ । ਉਕਤ ਮਾਮਲੇ ਦੀ ਪੜਤਾਲ ਕਰ ਰਹੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਤੇ ਕਾਰਵਾਈ ਕਰਦਿਆਂ ਹੋਇਆਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਹੁਣ ਤੱਕ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ।

Leave a Reply

Your email address will not be published. Required fields are marked *