ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਬੋਲੇ – ਪੰਜਾਬ ’ਚ ਮਾਫੀਆ ਰਾਜ ਲਈ ਕੈਪਟਨ ਜ਼ਿੰਮੇਵਾਰ, ਅਮਰਿੰਦਰ ਸਿੰਘ ਸਮਝੌਤਾਵਾਦੀ ਰਹੇ

ਚੰਡੀਗੜ੍ਹ ,21 ਅਕਤੂਬਰ (ਪੀ.ਵੀ ਨਿਊਜ਼) ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਗਾਇਆ। ਉਨ੍ਹਾਂ ਨੇ ਟਰਾਂਸਪੋਰਟ ਮਾਫੀਆ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਨਾਲ ਹੀ ਉਨ੍ਹਾਂ ਨੇ ਸਾਬਕਾ ਦੋਵੇਂ ਟਰਾਂਸਪੋਰਟ ਮੰਤਰੀ ਰਹੇ ਅਰੁਣਾ ਚੌਧਰੀ ਅਤੇ ਰਜਿਆ ਸੁਲਤਾਨਾ ਨੂੰ ਕਲੀਨ ਚਿੱਟ ਵੀ ਦਿੱਤੀ ਹੈ। ਵੜਿੰਗ ਨੇ ਕੈਪਟਨ ਨੂੰ ਸਮਝੌਤਾਵਾਦੀ ਮੁੱਖ ਮੰਤਰੀ ਦੱਸਦੇ ਹੋਏ ਪੰਜਾਬ ਦੇ ਹਰੇਕ ਪ੍ਰਕਾਰ ਦੇ ਮਾਫੀਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਿੰਗਪਿੰਗ ਦੱਸਿਆ ਹੈ।

ਵੜਿੰਗ ਨੇ ਕਿਹਾ ਕਿ 15-20 ਸਾਲ ਪਹਿਲਾਂ ਤਕ ਸੂਬੇ ’ਚ ਮਾਫੀਆ ਸ਼ਬਦ ਨਹੀਂ ਹੁੰਦਾ ਸੀ। ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਜਦੋਂ ਤੋਂ ਪਾਵਰ ’ਚ ਆਏ ਉਦੋਂ ਤੋਂ ਹੀ ਮਾਫੀਆ ਦਾ ਪ੍ਰਚਲਨ ਸ਼ੁਰੂ ਹੋਇਆ। ਚਾਹੇ ਡਰੱਗਸ ਹੋਵੇ ਜਾਂ ਕੇਬਿਲ ਜਾਂ ਫਿਰ ਟਰਾਂਸਪੋਰਟ ਮਾਫੀਆ, ਸਾਰਿਆਂ ਦੇ ਤਾਰ ਬਾਦਲ ਤੇ ਮਜੀਠੀਆ ਨਾਲ ਜੁੜਦੇ ਰਹੇ ਹਨ। ਟਰਾਂਸਪੋਰਟ ਮੰਤਰੀ ਨੇ ਬਾਦਲਾਂ ’ਤੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਟਰਾਂਸਪੋਰਟ ਦੇ ਮਾਧਿਅਮ ਨਾਲ ਦੂਸਰੇ ਧੰਦਿਆਂ ਦਾ ਕਾਲਾ ਧਨ ਵੀ ਚਿੱਟਾ ਕਰ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਮਾਫੀਆ ਦੇ ਨਾਲ ਸਮਝੌਤਾ ਕਰ ਲਿਆ। ਅੱਜ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਸਮਝੌਤਾ ਕਰਨ ਦੀ ਗੱਲ ਕਹਿਣਾ ਵੀ ਉਸੇ ਸਮਝੌਤੇ ਦਾ ਹੀ ਹਿੱਸਾ ਹੈ।

Leave a Reply

Your email address will not be published. Required fields are marked *