ਪੰਜਾਬੀ ’ਵਰਸਿਟੀ ਦੀ ਵੱਡੀ ਕਾਰਵਾਈ, 11 ਕਾਲਜਾਂ ‘ਚ ਪਹਿਲੇ ਸਾਲ ਬੀਐਡ ’ਚ ਦਾਖ਼ਲੇ ’ਤੇ ਲਗਾਈ ਪਾਬੰਦੀ

ਪਟਿਆਲਾ,19 ਅਕਤੂਬਰ (ਪੀ.ਵੀ ਨਿਊਜ਼) ਪੰਜਾਬੀ ’ਵਰਸਿਟੀ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲਜਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।ਇਨ੍ਹਾਂ ਕਾਲਜ਼ਾਂ ਨੇ ਅਪਰੂਵਡ ਪ੍ਰਿੰਸੀਪਲ ਅਤੇ ਫ਼ੈਕਲਟੀ ਮੈਂਬਰ ਦੀ ਨਿਯੁਕਤੀ ਨਾ ਕਰਕੇ ਐਨਸੀਟੀਈ ਤੇ ’ਵਰਸਿਟੀ ਦੇ ਫ਼ੈਕਲਟੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਪ੍ਰਬੰਧਕਾਂ ਵਲੋਂ ਕਾਲਜ ਬਿਨਾਂ ਕਿਸੇ ਅਪਰੂਵਡ ਅਧਿਆਪਕ ਅਤੇ ਪ੍ਰਿੰਸੀਪਲ ਦੇ ਚੱਲ ਰਹੇ ਹਨ। ’ਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਕਾਲਜਾਂ ’ਤੇ ਸੈਸ਼ਨ 2021-22 ਦੌਰਾਨ ਬੀਐਡ ਦੇ ਨਵੇਂ ਦਾਖਲੇ ਕਰਨ ’ਤੇ ਪਾਬੰਦੀ ਲੱਗਾ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੰਜਾਬੀ ’ਵਰਸਿਟੀ ਵਲੋਂ ਕਾਲਜ ਵਿਕਾਸ ਕੌਂਸਲ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਆਈਸੀਟੀ ਤਕਨੀਕਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਫ਼ੈਕਲਟੀ ਦੀ ਵਿਸਤ੍ਰਿਤ ਜਾਣਕਾਰੀ ਜਿਵੇਂ ਬੁਨਿਆਦੀ ਢਾਂਚਾ, ਸਮਾਂ ਸਾਰਣੀ ਤੇ ਵਿਦਿਆਰਥੀਆਂ ਲਈ ਸਹੂਲਤਾਂ ਆਪਣੀ ਅਧਿਕਾਰਤ ਵੈਬਸਾਈਟ ’ਤੇ ਪ੍ਰਦਰਸ਼ਿਤ ਕਰਨ। ’ਵਰਸਿਟੀ ਵਲੋਂ ਆਪਣੇ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਦੇ ਫ਼ੈਕਲਟੀ ਮੈਂਬਰਾਂ ਦੇ ਵਿਆਪਕ ਡੈਟਾਬੇਸ ਦੇ ਵਿਕਾਸ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਇੰਟਰਨੈੱਟ ਰਾਹੀਂ ਖੋਜੇ ਜਾ ਸਕਣ ਯੋਗ ਡੈਟਾਬੇਸ ਨੂੰ ’ਵਰਸਿਟੀ ਦੀ ਵੈਬਸਾਈਟ ’ਤੇ ਉਪਲਬਧ ਕਰਵਾਇਆ ਜਾਵੇਗਾ ਤੇ ਇਹ ਵਿਸ਼ਾ ਮਾਹਿਰਾਂ ਦੀ ਪ੍ਰੀਖਿਆ, ਮੁਲਾਂਕਣ, ਮਾਹਰ ਭਾਸ਼ਣ, ਬੋਰਡ ਆਫ਼ ਸਟੱਡੀਜ਼ ਮੈਂਬਰ ਆਦਿ ਲਈ ਵੀ ਇੱਕ ਉਪਯੋਗੀ ਸਰੋਤ ਵਜੋਂ ਕੰਮ ਆਵੇਗਾ। ਬੀਐਡ ਦੇ ਪਹਿਲੇ ਸਾਲ ਦੇ ਦਾਖਲੇ ਲਈ ਪਹਿਲੀ ਕਾਊਂਸਲਿੰਗ 21 ਅਕਤੂਬਰ ਨੂੰ ਹੋਣ ਜਾ ਰਹੀ ਹੈ। ਐਨਸੀਟੀਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਐਡ ਲਈ 100 ਵਿਦਿਆਰਥੀਆਂ ਵਾਲੇ ਕਾਲਜ ਵਿਚ ਅਪਰੂਵਡ ਪ੍ਰਿੰਸੀਪਲ ਸਮੇਤ 16 ਫੁੱਲਟਾਈਮ ਫ਼ੈਕਲਟੀ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਅਪਰੂਵਡ ਪ੍ਰਿੰਸੀਪਲ ਸਮੇਤ ਘੱਟੋ ਘੱਟ 10 ਫ਼ੈਕਲਟੀ ਮੈਂਬਰਾਂ ਦੀ ਚੋਣ ’ਵਰਸਿਟੀ ਵਲੋਂ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਕਾਲਜਾਂ ਵਲੋਂ `ਵਰਸਿਟੀ ਦੁਆਰਾ ਭੇਜੇ ਪੱਤਰਾ ਨੂੰ ਅਣਗੋਲਿਆ ਕਰਨ ਖਿਲਾਫ਼ ’ਵਰਸਿਟੀ ਪ੍ਰਸ਼ਾਸਨ ਵਲੋਂ 15 ਅਕਤੂਬਰ ਤੱਕ ਇੱਕ ਮਨਜ਼ੂਰਸ਼ੁਦਾ ਪ੍ਰਿੰਸੀਪਲ ਅਤੇ ਘੱਟੋ ਘੱਟ ਲੋਡ਼ੀਂਦੀ ਫ਼ੈਕਲਟੀ ਨਿਯੁਕਤ ਕਰਨ ਦੀ ਹਦਾਇਤ ਕੀਤੀ ਸੀ। ਪ੍ਰੰਤੂ ਅਜਿਹਾ ਨਾ ਕਰਨ ਦੀ ਸੂਰਤ ’ਚ ਪ੍ਰਸ਼ਾਸਨ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਇਨ੍ਹਾਂ ਕਾਲਜਾਂ ’ਤੇ ਬੀਐਡ ਪਹਿਲੇ ਸਾਲ ’ਚ ਕਿਸੇ ਵੀ ਵਿਦਿਆਰਥੀ ਨੂੰ ਦਾਖਲ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।

ਕਾਲਜ਼ਾਂ ’ਚ ਢੁਕਵੀਂ ਅਧਿਆਪਨ ਫ਼ੈਕਲਟੀ ਦੀ ਅਣਹੋਂਦ ’ਚ ਇਨ੍ਹਾਂ ਕਾਲਜਾਂ ਵਿਚ ਪਡ਼੍ਹ ਰਹੇ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ। ਇਸ ਲਈ ਇਨ੍ਹਾਂ ਕਾਲਜਾਂ ਨੂੰ ਹੋਰ ਸਖਤੀ ਨਾਲ ਨਿਰਦੇਸ਼ ਦਿੱਤੇ ਹਨ ਕਿ ਉਹ ਦੋ ਮਹੀਨਿਆਂ ਦੇ ਅੰਦਰ ਵਿਦਿਆਰਥੀਆਂ ਲਈ ਘੱਟੋ ਘੱਟ ਲੋਡ਼ੀਂਦੀ ਫ਼ੈਕਲਟੀ ਤੇ ਪ੍ਰਿੰਸੀਪਲ ਨਿਯੁਕਤ ਕਰਨ ਤਾਂਕਿ ਵਿਦਿਆਰਥੀਆਂ ਨੂੰ ਪਡ਼੍ਹਾਈ ਜਾਰੀ ਰੱਖਣ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਪ੍ਰਸ਼ਾਸਨ ਵਲੋਂ 11 ਕਾਲਜਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਵਿਚ ਭਗਵਤੀ ਕਾਲਜ ਆਫ਼ ਐਜੂਕੇਸ਼ਨ, ਜੀ.ਐਨ ਕਾਲਜ ਆਫ਼ ਐਜੂਕੇਸ਼ਨ, ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਗਰਲਜ਼ (ਸਮਾਓ), ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ (ਦਲੇਲਵਾਲਾ), ਮਾਲਵਾ ਕਾਲਜ ਆਫ਼ ਐਜੂਕੇਸ਼ਨ (ਕੋਟਕਪੂਰਾ), ਮਾਲਵਾ ਕਾਲਜ ਆਫ਼ ਐਜੂਕੇਸ਼ਨ, ਸਰਦੂਲੇਵਾਲਾ, ਸਾਈ ਕਾਲਜ ਆਫ਼ ਐਜੂਕੇਸ਼ਨ (ਲਹਿਰਾਗਾਗਾ), ਸ਼ਿਵਾ ਕਾਲਜ ਆਫ਼ ਐਜੂਕੇਸ਼ਨ, ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ (ਭੁੱਚੋ ਮੰਡੀ), ਯੂਨੀਵਰਸਲ ਕਾਲਜ ਆਫ਼ ਐਜੂਕੇਸ਼ਨ ਅਤੇ ਵਿਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ (ਫ਼ਤਿਹਪੁਰ) ਸ਼ਾਮਲ ਹਨ।

ਡੀਨ ਕਾਲਜ ਵਿਕਾਸ ਕੌਂਸਲ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਫਰਜ਼ੀ ਤੌਰ ਤੇ ਰੱਖੀ ਜਾਣ ਵਾਲੀ ‘ਗੋਸਟ ਫੈਕਲਟੀ’ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ। ਅਜਿਹੇ ਅਧਿਆਪਕ ਇੱਕੋ ਸਮੇਂ ਦੋ ਜਾਂ ਵਧੇਰੇ ਕਾਲਜਾਂ ਦੇ ਫਰਜ਼ੀ ਅੰਕਡ਼ਿਆਂ ਵਿਚ ਮੌਜੂਦ ਹੁੰਦੇ ਹਾਂ ਜਾਂ ਅਸਲ ਵਿਚ ਹੁੰਦੇ ਹੀ ਨਹੀਂ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਵਿਕਸਤ ਕੀਤਾ ਇੱਕ ਸਾਫ਼ਟਵੇਅਰ ਅਜਿਹੇ ‘ਗੋਸਟ ਅਧਿਆਪਕਾਂ’ ਦਾ ਪਤਾ ਲਗਾਉਣ ਲਈ ਡੈਟਾਬੇਸ ਦੀ ਪੜਤਾਲ ਕਰੇਗਾ। ਇਸ ਤੋਂ ਇਲਾਵਾ ਪੰਜਾਬੀ ’ਵਰਸਿਟੀ ਵੱਲੋਂ ਆਪਣੇ ਨਾਲ ਜੁਡ਼ੇ ਸਾਰੇ ਕਾਲਜਾਂ ਦੀ ਫ਼ੈਕਲਟੀ ਬਾਰੇ ਜਾਣਕਾਰੀ, ਕੋਰਸਾਂ ਅਤੇ ਬੁਨਿਆਦੀ ਢਾਂਚੇ ਬਾਰੇ ਨਵੀਨਤਮ ਅਪਡੇਟ ਕੀਤੀ ਜਾਣਕਾਰੀ ਆਦਿ ਵੀ ਜਲਦੀ ਹੀ ਯੂਨੀਵਰਸਿਟੀ ਦੀ ਵੈਬਸਾਈਟ ’ਤੇ ਉਪਲਬਧ ਕਰਵਾਈ ਜਾਵੇਗੀ।

Leave a Reply

Your email address will not be published. Required fields are marked *