ਲੁਟੇਰੇ ਗੰਨ ਪੁਆਇੰਟ ‘ਤੇ ਪੈਟਰੋਲ ਪੰਪ ਤੋਂ ਨਕਦੀ ਲੁੱਟ ਕੇ ਫ਼ਰਾਰ

ਭਵਾਨੀਗੜ੍ਹ ,12 ਜਨਵਰੀ (ਪੀ.ਵੀ ਨਿਊਜ਼) ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਇਵੇਅ ‘ਤੇ ਪਿੰਡ ਬਾਲਦ ਕਲਾਂ ਨੇੜੇ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ‘ਤੇ ਕਾਰ ਸਵਾਰ ਦੋ ਲੁਟੇਰੇ ਗੰਨ ਪੁਆਇੰਟ ‘ਤੇ ਦਿਨ ਦਿਹਾੜੇ ਇਕ ਹਜ਼ਾਰ ਰੁਪਏ ਦਾ ਤੇਲ ਪਵਾ ਕੇ ਕਰਿੰਦਿਆਂ ਕੋਲੋਂ 2800 ਰੁਪਏ ਨਕਦੀ ਤੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਘਟਨਾ ਮੰਗਲਵਾਰ ਦੁਪਹਿਰ ਸਵਾ ਕੁ ਤਿੰਨ ਵਜੇ ਦੀ ਦੱਸੀ ਜਾ ਰਹੀ ਹੈ। ਜਿਸ ਸੰਬੰਧੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੁਨਸ਼ੀਵਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਅਸ਼ਵਨੀ ਕੁਮਾਰ ਵਾਸੀ ਪਿੰਡ ਹਰਦਿੱਤਪੁਰਾ ਦੋਵੇਂ ਰਿਲਾਇੰਸ ਪੈਟਰੋਲ ਪੰਪ ਬਾਲਦ ਕਲਾਂ ‘ਤੇ ਬਤੌਰ ਸੇਲਜਮੈਨ ਕੰਮ ਕਰਦੇ ਹਨ। ਮੰਗਲਵਾਰ ਦੁਪਹਿਰ ਸਵਾ ਕੁ 3 ਵਜੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਪੰਪ ‘ਤੇ ਆਈ ਜਿਸਦੇ ਚਾਲਕ ਨੇ ਇੱਕ ਹਜ਼ਾਰ ਰੁਪਏ ਦਾ ਤੇਲ ਪਾਉਣ ਲਈ ਕਿਹਾ ਤਾਂ ਜਦੋਂ ਤੇਲ ਪਾਉਣ ਤੋਂ ਬਾਅਦ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਸਨੇ ਗੱਡੀ ‘ਚੋਂ ਪਿਸਤੌਲ ਕੱਢ ਕੇ ਉਸ ਵੱਲ ਤਾਣ ਲਈ ਤੇ ਕਾਰ ਦੇ ਚਾਲਕ ਦੇ ਨਾਲ ਬੈਠਾ ਵਿਅਕਤੀ ਉਨਾਂ੍ਹ ਦੋਵਾਂ ਨੂੰ ਕੈਬਿਨ ‘ਚ ਧੂਹ ਕੇ ਲੈ ਗਏ ਜਿੱਥੇ ਲੁਟੇਰਿਆਂ ਨੇ ਉਸ ਦਾ ਮੋਬਾਇਲ ਫੋਨ ਅਤੇ ਪੰਪ ਵਾਲਾ ਮੋਬਾਇਲ ਫੋਨ ਤੋਂ ਇਲਾਵਾ ਅਸ਼ਵਨੀ ਕੁਮਾਰ ਪਾਸੋਂ ਸੇਲ ਦੇ ਕਰੀਬ 2800 ਰੁਪਏ ਖੋਹ ਲਏ। ਰਣਜੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਉਨਾਂ੍ਹ ਦੋਵਾਂ ਨੂੰ ਕੈਬਿਨ ‘ਚ ਬਣੇ ਕੈਸ਼ ਰੂਮ ‘ਚ ਬੰਦ ਕਰਕੇ ਫਰਾਰ ਹੋ ਗਏ। ਓਧਰ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈ ਹੈ। ਪੁਲਿਸ ਨੇ ਫੁਟੇਜ ਨੂੰ ਕਬਜੇ ‘ਚ ਲੈਂਦਿਆਂ ਰਣਜੀਤ ਸਿੰਘ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *