Corona ਮਰੀਜ਼ਾਂ ਨੂੰ ਹੁਣ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਜਾਣ ਦੀ ਲੋੜ ਨਹੀਂ, ਚੋਣ ਕਮਿਸ਼ਨ ਨੇ ਦਿੱਤੀ ਇਹ ਸਹੂਲਤ

ਨਵੀਂ ਦਿੱਲੀ ,8 ਜਨਵਰੀ (ਪੀ.ਵੀ ਨਿਊਜ਼) ਚੋਣ ਕਮਿਸ਼ਨ ਨੇ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਮੇਂ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਤੀਜੀ ਲਹਿਰ ਚੱਲ ਰਹੀ ਹੈ। ਅਜਿਹੇ ‘ਚ ਚੋਣ ਕਮਿਸ਼ਨ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਪੀੜਤ ਲੋਕਾਂ ਨੂੰ ਵੋਟਿੰਗ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਹਨ। ਦਰਅਸਲ, ਪੰਜ ਸੂਬਿਆਂ ਵਿੱਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਵੀ ਹਜ਼ਾਰਾਂ ਲੋਕ ਕੋਰੋਨਾ ਦੀ ਲਾਗ ਨਾਲ ਜੂਝ ਰਹੇ ਹਨ।

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ, ਅਪਾਹਜ ਵਿਅਕਤੀ ਅਤੇ ਕੋਵਿਡ-19 ਪਾਜ਼ੇਟਿਵ ਵਿਅਕਤੀ ਪੋਸਟਲ ਬੈਲੇਟ ਰਾਹੀਂ ਵੋਟ ਪਾ ਸਕਦੇ ਹਨ। ਸੁਸ਼ੀਲ ਚੰਦਰਾ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਕਮਿਸ਼ਨ ਦੀ ਇਹ ਕੋਸ਼ਿਸ਼ ਰਹੇਗੀ ਕਿ ਕੋਈ ਵੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਖੁੰਝ ਨਾ ਜਾਵੇ। ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਲਿੰਗ ਦਾ ਸਮਾਂ ਵੀ ਇਕ ਘੰਟਾ ਵਧਾ ਦਿੱਤਾ ਗਿਆ ਹੈ। ਹਰ ਪੋਲਿੰਗ ਬੂਥ ‘ਤੇ ਸੈਨੀਟਾਈਜ਼ਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੋਲਿੰਗ ਬੂਥ ‘ਤੇ ਜਿਨ੍ਹਾਂ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ। ਕੋਵਿਡ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਚੋਣਾਂ ਕਰਵਾਉਣ ਦੀ ਯੋਜਨਾ ਹੈ। ਚੋਣ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਫਰੰਟਲਾਈਨ ਵਰਕਰਾਂ ਵਜੋਂ ਮੰਨਿਆ ਜਾਵੇਗਾ ਅਤੇ ਸਾਰੇ ਯੋਗ ਅਧਿਕਾਰੀਆਂ ਨੂੰ ਪ੍ਰੀਕੋਸ਼ਨਰੀ ਖੁਰਾਕ ਦਿੱਤੀ ਜਾਵੇਗੀ। 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

Leave a Reply

Your email address will not be published. Required fields are marked *