ਸਹੁਰਿਆਂ ਨੂੰ ਮਿਲਣ ਆਏ ਜਵਾਈ ਨੇ ਕੀਤਾ ਕਾਰਾ

ਲੁਧਿਆਣਾ,5 ਜਨਵਰੀ (ਪੀ.ਵੀ ਨਿਊਜ਼) ਸਹੁਰਿਆਂ ਨੂੰ ਮਿਲਣ ਆਏ ਜਵਾਈ ਵੱਲੋਂ ਨਾਬਾਲਗ ਸਾਲੀ ਨਾਲ ਜਬਰ ਜਨਾਹ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਇਲਾਕੇ ਦੇ ਰਹਿਣ ਵਾਲੇ ਰਵੀ ਸ਼ੁਕਲਾ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਬਿਲਗਾ ਦੇ ਵਾਸੀ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਇਲਾਕੇ ਵਿੱਚ ਵਿਆਹੀ ਹੋਈ ਹੈ। ਕੁਝ ਦਿਨ ਪਹਿਲੋਂ ਧੀ ਤੇ ਜਵਾਈ ਉਨ੍ਹਾਂ ਨੂੰ ਮਿਲਣ ਲਈ ਆਏ। ਸਵੇਰੇ 9 ਵਜੇ ਦੇ ਕਰੀਬ ਪਰਿਵਾਰ ਦੇ ਸਾਰੇ ਮੈਂਬਰ ਆਪੋ ਆਪਣੇ ਕੰਮਾਂ ਤੇ ਚਲੇ ਗਏ। ਉਨ੍ਹਾਂ ਦੀ ਵੱਡੀ ਧੀ ਵੀ ਕਿਸੇ ਕੰਮ ਲਈ ਘਰ ਤੋਂ ਬਾਹਰ ਚਲੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਛੋਟੀ ਧੀ ਇਕੱਲੀ ਹੀ ਘਰ ਵਿਚ ਮੌਜੂਦ ਸੀ। ਮੁਲਜ਼ਮ ਰਵੀ ਸ਼ੁਕਲਾ ਨੇ ਲੜਕੀ ਨੂੰ ਡਰਾ ਧਮਕਾ ਕੇ ਉਸ ਦੀ ਆਬਰੂ ਲੁੱਟ ਲਈ।ਮੁਲਜ਼ਮ ਨੇ ਲੜਕੀ ਨੂੰ ਮੂੰਹ ਬੰਦ ਰੱਖਣ ਲਈ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।ਪਰਿਵਾਰਕ ਮੈਂਬਰਾਂ ਦੇ ਘਰ ਆਉਣ ਤੇ ਨਾਬਾਲਗ ਬੱਚੀ ਨੇ ਆਪਣੇ ਜੀਜੇ ਦੀ ਸ਼ਰਮਨਾਕ ਕਰਤੂਤ ਦੱਸੀ। ਇਹ ਸਾਰਾ ਮਾਮਲਾ ਥਾਣਾ ਸਾਹਨੇਵਾਲ ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਮੁਲਜ਼ਮ ਰਵੀ ਸ਼ੁਕਲਾ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *