ਚੋਣ ਜ਼ਾਬਤਾ ਲੱਗਣ ਦੀ ਤਿਆਰੀ, ਪੰਜਾਬੀ ਯੂਨੀਵਰਸਿਟੀ ਲਈ ਗ੍ਰਾਂਟ ਨਾ ਹੋਈ ਜਾਰੀ

ਪਟਿਆਲਾ, 24 ਦਸੰਬਰ (ਪੀ.ਵੀ ਨਿਊਜ਼)   ਮੁੱਖ ਮੰਤਰੀ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਐਲਾਨੀ ਗਈ ਗ੍ਰਾਂਟ ਇਕ ਮਹੀਨਾ ਬੀਤਣ ਤੋਂ ਬਾਅਦ ਵੀ ਜਾਰੀ ਨਹੀਂ ਹੋ ਸਕੀ ਹੈ। ਵਿਧਾਨ ਸਭਾ ਚੋਣਾਂ ਕਰ ਕੇ ਜ਼ਾਬਤਾ ਲੱਗਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ ਵਿਚ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਜਿਥੇ ਤਨਖਾਹਾਂ ਸਮੇਂ ’ਤੇ ਨਹੀਂ ਮਿਲ ਰਹੀਆਂ, ਉਥੇ ਹੀ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਵੀ ਜ਼ਾਬਤੇ ਦੀ ਭੇਟ ਚਡ਼੍ਹਣ ਦਾ ਵੀ ਡਰ ਸਤਾ ਰਿਹਾ ਹੈ। ਯੂਨੀਵਰਸਿਟੀ ਅਥਾਰਿਟੀ ਨੇ ਭਾਵੇਂ ਔਖੇ-ਸੌਖੇ ਨਵੰਬਰ ਮਹੀਨੇ ਦੀ ਤਨਖਾਹ ਦਸੰਬਰ ਦੇ ਆਖੀਰ ਵਿਚ ਜਾਰੀ ਕੀਤੀ ਹੈ ਪਰ ਵਧੀ ਹੋਈ ਗ੍ਰਾਂਟ ਜਾਰੀ ਨਾ ਹੋਣ ਕਾਰਨ ਅਜੇ ਤਕ ਕਿਸੇ ਕਰਮਚਾਰੀ ਦਾ ਨਾ ਹੀ ਜੀਪੀਐੱਫ, ਐੱਨ.ਪੀ.ਐੱਸ, ਨਾ ਹੀ ਸੇਵਾਮੁਕਤ ਕਰਮਚਾਰੀਆਂ ਦੀ ਪੈਨਸ਼ਨ ਦਿੱਤੀ ਗਈ ਹੈ।

ਡਾ. ਅੰਬੇਡਕਰ ਕਰਮਚਾਰੀ ਮਹਾਸੰਘ ਦੇ ਸੂਬਾਈ ਅਤੇ ਯੂਨੀਵਰਸਿਟੀ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦਾ ਕਰਜ਼ਾ ਲਾਹੁਣ ਅਤੇ ਮਹੀਨਾਵਾਰੀ ਗ੍ਰਾਂਟ ਵਧਾਉਣ ਦੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੂੰ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕਰਮਚਾਰੀਆਂ ਨੂੰ ਤਨਖਾਹ ਇਕ ਮਹੀਨਾ ਲੇਟ ਮਿਲਣ ਕਾਰਣ ਕਰਮਚਾਰੀ ਵਿੱਤੀ ਤੰਗੀਆਂ ਦਾ ਸ਼ਿਕਾਰ ਹੋ ਰਹੇ ਹਨ। ਡਾ. ਜਤਿੰਦਰ ਸਿੰਘ ਮੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਸਰਕਾਰ ਆਪਣਾ ਕੀਤਾ ਵਾਅਦਾ ਪੂਰਾ ਕਰੇ ਅਤੇ ਵਧਾਈ ਗਈ ਮਹੀਨਾਵਾਰੀ ਗ੍ਰਾਂਟ ਫੌਰੀ ਜਾਰੀ ਕਰੇ ਅਤੇ ਯੂਨੀਵਰਸਿਟੀ ਦਾ ਕਰਜ਼ਾ ਜਲਦ ਤੋਂ ਜਲਦ ਮੁਆਫ ਕਰਵਾਏ।

Leave a Reply

Your email address will not be published. Required fields are marked *