ਡੀ.ਸੀ.ਪੀ. ਵੱਲੋਂ ਲੋਕਾਂ ਨੂੰ ਜਲੰਧਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ‘ਗ੍ਰੀਨ ਵਾਰੀਅਰ’ ਬਣਨ ਦਾ ਸੱਦਾ

ਜਲੰਧਰ ,22 ਦਸੰਬਰ (ਪੀ.ਵੀ ਨਿਊਜ਼) ਡਿਪਟੀ ਕਮਿਸ਼ਨਰ ਆਫ ਪੁਲਿਸ ਜਗਮੋਹਨ ਸਿੰਘ ਨੇ ਅੱਜ ਲੋਕਾਂ ਨੂੰ ‘ਗ੍ਰੀਨ ਵਾਰੀਅਰ’ ਬਣਨ ਦਾ ਸੱਦਾ ਦਿੱਤਾ ਤਾਂ ਜੋ ਜਲੰਧਰ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ।
ਡੀ.ਸੀ.ਪੀ. ਨੇ ਆਕਾਸ਼ ਇੰਸਟੀਚਿਊਟ ਵੱਲੋਂ ਲਾਜਪਤ ਨਗਰ ਵਿਖੇ ਅੱਜ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਸ਼ਹਿਰ ਵਿੱਚ ਹਰਿਆਵਲ ਨੂੰ ਹੋਰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸਾਂਝੇ ਯਤਨ ਕਰਨਾ ਸਮੇਂ ਦੀ ਮੁੱਖ ਮੰਗ ਹੈ ਅਤੇ ਇਸ ਮਕਸਦ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਅੰਦਰ ਹਰਿਆਵਲ ਦੇ ਘੇਰੇ ਵਿੱਚ ਵਾਧੇ ਲਈ ਲੋਕਾਂ ਨੂੰ ਬੂਟੇ ਲਾਉਣ ਦੀ ਮੁਹਿੰਮ ਵਿੱਢਣੀ ਚਾਹੀਦੀ ਹੈ, ਜਿਸ ਵਿੱਚ ਹਰ ਖੇਤਰ ਦੇ ਵਸਨੀਕਾਂ ਨੂੰ ਬਣਦਾ ਯੋਗਦਾਨ ਪਾ ਕੇ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਜਲੰਧਰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਮੌਜੂਦਾ ਸਿਹਤ ਸੰਕਟ ਦੇ ਸਮੇਂ ਹਰਿਆਵਲ, ਬੂਟਿਆਂ ਅਤੇ ਦਰੱਖਤਾਂ ਦਾ ਆਪਣਾ ਮਹੱਤਵ ਹੈ ਕਿਉਂਕਿ ਇਨ੍ਹਾਂ ਰਾਹੀਂ ਸਿਹਤਮੰਦ ਵਾਤਾਵਰਣ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ।
ਡੀ.ਸੀ.ਪੀ. ਨੇ ਕਿਹਾ ਕਿ ਚੰਗੇ ਵਾਤਾਵਰਣ ਨਾਲ ਸਾਫ਼-ਸੁਥਰਾ ਪੌਣ-ਪਾਣੀ ਲੋਕਾਂ ਨੂੰ ਮੁਹੱਈਆ ਹੋ ਸਕਦਾ ਹੈ ਅਤੇ ਇਹ ਕੰਮ ਸਾਰਿਆਂ ਦੇ ਸਾਂਝੇ ਹੰਭਲਿਆਂ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਲੋਕਾਂ ਨੂੰ ਹਰਿਆਵਲ ਵਿੱਚ ਵਾਧੇ ਦੇ ਯਤਨਾਂ ਦੌਰਾਨ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਡੀ.ਸੀ.ਪੀ. ਜਗਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਘਰਾਂ, ਥਾਵਾਂ ਆਦਿ ਵਿਖੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ।
ਆਕਾਸ਼ ਇੰਸਟੀਚਿਊਟ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦੀ ਸ਼ਲਾਘਾ ਕਰਦਿਆਂ ਡੀ.ਸੀ.ਪੀ. ਨੇ ਕਿਹਾ ਕਿ ਚੰਗੇ ਵਾਤਾਵਰਣ, ਸਾਫ਼-ਸੁਥਰੇ ਚੌਗਿਰਦੇ ਆਦਿ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ ਦੇ ਸਾਥ ਸਦਕਾ ਇਸ ਮੁਹਿੰਮ ਨੂੰ ਵੱਡੇ ਪੱਧਰ ‘ਤੇ ਕਾਮਯਾਬ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬ੍ਰਾਂਚ ਮੈਨੇਜਰ ਵਿਵੇਕ ਭਦੌਰੀਆ ਅਤੇ ਅਕਾਦਮਿਕ ਹੈੱਡ ਰਾਹੁਲ ਤਿਆਗੀ ਤੇ ਹੋਰਨਾਂ ਮੈਂਬਰਾਂ ਨੇ ਡੀ.ਸੀ.ਪੀ. ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *