ਕਪੂਰਥਲਾ ‘ਚ ਭੀੜ ਦੇ ਹੱਥੋ ਮਾਰੇ ਗਏ ਨੌਜਵਾਨ ਦੀ ਵੀਡੀਓ ਆਈ ਸਾਹਮਣੇ

ਕਪੂਰਥਲਾ ,21 ਦਸੰਬਰ (ਪੀ.ਵੀ ਨਿਊਜ਼) ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿਚ ਐਤਵਾਰ ਨੂੰ ਬੇਅਦਬੀ ਦੇ ਦੋਸ਼ ਵਿੱਚ ਭੀੜ ਵੱਲੋਂ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਉਸ ਦੀ ਇਕ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸ਼ਨਿਚਰਵਾਰ ਨੂੰ ਇਕ ਜਿਮ ਦੇ ਬਾਹਰ ਇਕ ਔਰਤ ਨੇ ਬਣਾਈ ਸੀ। ਨੌਜਵਾਨ ਨੇ ਉਹੀ ਕੱਪੜੇ ਪਾਏ ਹੋਏ ਹਨ ਜੋ ਉਸ ਨੇ ਐਤਵਾਰ ਨੂੰ ਪਾਏ ਸਨ।

ਘੁੰਗਰੂ ਨੌਜਵਾਨ ਦੇ ਪੈਰਾਂ ਵਿਚ ਬੰਨ੍ਹੇ ਹੋਏ ਹਨ ਤੇ ਇਕ ਹੱਥ ਵਿਚ ਖੇਤੀਬਾੜੀ ਦੇ ਸੰਦ ਫੜੇ ਹੋਏ ਹਨ। ਸਿਰ ‘ਤੇ ਨਕਲੀ ਗਹਿਣੇ ਵਰਗਾ ਕੋਈ ਚੀਜ਼ ਬੰਨ੍ਹੀ ਹੋਈ ਹੈ। ਔਰਤ ਉਸ ਨੂੰ ਪੁੱਛਦੀ ਹੈ ਕਿ ਕੀ ਤੁਸੀਂ ਕ੍ਰਿਸ਼ਨ ਬਣ ਗਏ ਹੋ ਤਾਂ ਨੌਜਵਾਨ ਮੁਸਕਰਾ ਕੇ ਚਲਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਕਾਂਜਲੀ ਰੋਡ ‘ਤੇ ਜਿੰਮ ਦੇ ਬਾਹਰ ਦੀ ਹੈ। ਇਸ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾਣਗੇ। ਆਈਜੀ ਜਲੰਧਰ ਰੇਂਜ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਕਪੂਰਥਲਾ ਘਟਨਾ ਤੋਂ ਬਾਅਦ ਸੋਮਵਾਰ ਨੂੰ ਪਟਨਾ ਦੀ ਰਹਿਣ ਵਾਲੀ ਸੁਹਾਨੀ ਨਾਂ ਦੀ ਔਰਤ ਨੇ ਪੰਜਾਬ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਕਿ ‘ਮ੍ਰਿਤਕ ਮੇਰਾ ਭਰਾ ਹੈ’ ਪਰ ਬਾਅਦ ‘ਚ ਉਸ ਦਾ ਇਹ ਦਾਅਵਾ ਝੂਠਾ ਨਿਕਲਿਆ। ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਔਰਤ ਨੇ ਫੋਨ ਕਰਕੇ ਆਪਣੇ ਭਰਾ ਦੀ ਤਸਵੀਰ ਤੇ ਕੁਝ ਦਸਤਾਵੇਜ਼ whatsapp ’ਤੇ ਭੇਜੇ। ਜਿਸ ਦੀ ਜਾਂਚ ਕਰਨ ਤੋਂ ਬਾਅਦ ਔਰਤ ਨਾਲ ਦੁਬਾਰਾ ਫੋਨ ‘ਤੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ। ਮ੍ਰਿਤਕ ਉਸ ਦਾ ਭਰਾ ਨਹੀਂ ਹੈ ਕਿਉਂਕਿ ਉਸ ਦਾ ਭਰਾ ਰੰਗ ਵਿਚ ਗੋਰਾ ਹੈ ਜਦੋਂ ਕਿ ਮ੍ਰਿਤਕ ਦਾ ਰੰਗ ਕਾਲਾ ਹੈ। ਸੁਹਾਨੀ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਅਖਬਾਰਾਂ ਵਿਚ ਫੋਟੋ ਦੇਖੀ ਤਾਂ ਉਸ ਨੂੰ ਲੱਗਾ ਕਿ ਮ੍ਰਿਤਕ ਨੌਜਵਾਨ ਉਸ ਦਾ ਭਰਾ ਅੰਕਿਤ ਕੁਮਾਰ ਹੈ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਜ਼ਿੰਦਾ ਹੈ।

ਪਿੰਡ ਨਿਜ਼ਾਮਪੁਰ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਮੁਲਜ਼ਮ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨਾ ਚਾਹੁੰਦੇ ਸਨ ਪਰ ਬਾਹਰੋਂ ਆਏ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਿੰਡ ਵਾਸੀਆਂ ਦੀ ਗੱਲ ਨਹੀਂ ਸੁਣੀ।

Leave a Reply

Your email address will not be published. Required fields are marked *