ਡੀਜੀਪੀ ਦੀ ਨਿਯੁਕਤੀ ਵੀ ਨਹੀਂ ਬਚਾ ਸਕੇ ਮੁੱਖ ਮੰਤਰੀ ਚਰਨਜੀਤ ਚੰਨੀ: ਜਸਵੀਰ ਗੜ੍ਹੀ

 ਜਲੰਧਰ,18 ਦਸੰਬਰ (ਪੀ.ਵੀ ਨਿਊਜ਼) ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਅਕਾਲੀ ਦਲ ਦੇ ਹੱਥਾਂ ਵਿੱਚ ਵਿਕਣ ਵਾਲੀ ਪਾਰਟੀ ਕਹਿਣ ਤੋਂ ਭੜਕੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਹੀਂ, ਬਲਕਿ ਦੁਆਬੇ ਦੇ ਹੀ ਸਿਰਫ ਮੁੱਖ ਮੰਤਰੀ ਹਨ। ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਸਪਾ ਦੀ ਵੱਧ ਰਹੀ ਲੋਕਪ੍ਰਿਅਤਾ ਤੋਂ ਦੁਖੀ ਹਨ ਤੇ ਇਸੇ ਲਈ ਉਹ ਅਜਿਹੀ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਸਪਾ ਨੂੰ ਕੋਈ ਹੋਰ ਸਿਆਸੀ ਪਾਰਟੀ ਨਹੀਂ ਖਰੀਦ ਸਕਦੀ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸੋਮਵਾਰ ਤੋਂ ਸ਼ਨੀਵਾਰ ਤਕ ਦੋਆਬੇ ‘ਚ ਹੀ ਘੁੰਮਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਹੁਣ ਦੋਆਬੇ ਦੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਗੋਦ ਲੈ ਲੈਣ।

ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਬਸਪਾ ਨੇ ਸਮਝੌਤੇ ਤਹਿਤ ਮਿਲੀਆਂ 20 ਵਿੱਚੋਂ 17 ਸੀਟਾਂ ‘ਤੇ ਹਿੰਦੂ ਤੋਂ ਇਲਾਵਾ ਬ੍ਰਾਹਮਣ ਜਾਤੀ ਨਾਲ ਸਬੰਧਤ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਉਨ੍ਹਾਂ ਦਸ ਦੇ ਕਰੀਬ ਉਮੀਦਵਾਰਾਂ ਦੇ ਨਾਵਾਂ ਦੀ ਗਿਣਤੀ ਕਰਦਿਆਂ ਦੱਸਿਆ ਕਿ ਇਹ ਸਾਰੇ ਬਸਪਾ ਤੇ ਬਾਮਸੇਫ ਨਾਲ ਸਬੰਧਤ ਹਨ ਅਤੇ ਜਥੇਬੰਦੀ ਦੇ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਹੋਏ ਹਨ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਨੂੰ ਆਪਣੀ ਜ਼ਮੀਰ ਵੇਚ ਦਿੱਤੀ ਹੈ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਇਕ ਕਾਰਜਕਾਰੀ ਡੀਜੀਪੀ ਦੀ ਨਿਯੁਕਤੀ ਵੀ ਨਹੀਂ ਬਚਾ ਸਕੇ ਹਨ। ਉਹ ਦਲਿਤ ਭਾਈਚਾਰੇ ਦੀ ਰਾਖੀ ਲਈ ਕੀ ਕਰ ਸਕਦਾ ਹੈ?

Leave a Reply

Your email address will not be published. Required fields are marked *