ਪੰਜਾਬ ਰੋਡਵੇਜ਼ ਅਤੇ ਪਨਬੱਸ ਠੇਕਾ ਕਾਮਿਆਂ ਦੀ ਹੜਤਾਲ ਖ਼ਤਮ

ਬਠਿੰਡਾ,16 ਦਸੰਬਰ (ਪੀ.ਵੀ ਨਿਊਜ਼)ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਅੱਜ 9ਵੇਂ ਦਿਨ ਆਖਰਕਾਰ ਖ਼ਤਮ ਹੋ ਗਈ ਹੈ ਅਤੇ ਸਰਕਾਰੀ ਬੱਸਾਂ ਦਾ ਚੱਕਾ ਸੜਕਾਂ ‘ਤੇ ਚੱਲ ਪਿਆ ਹੈ। ਬੱਸਾਂ ਦੀ ਹੜਤਾਲ ਖਤਮ ਹੋਣ ਬਾਅਦ ਜਿੱਥੇ ਯਾਤਰੀਆਂ ਨੇ ਵੀ ਸੁਖ ਦਾ ਲਿਆ ਸਾਹ ਲਿਆ ਹੈ, ਉਥੇ ਹੀ ਸਰਕਾਰੀ ਖਜ਼ਾਨੇ ਨੂੰ ਹੁਣ ਘਾਟਾ ਨਹੀਂ ਪਵੇਗਾ।

ਬੱਸਾਂ ਦੀ ਹੜਤਾਲ ਕਾਰਨ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਠਿੰਡਾ ਡੀਪੂ ਦੀਆਂ 179 ਬੱਸਾਂ ਵਿੱਚੋਂ ਸਿਰਫ 36 ਬੱਸਾਂ ਹੀ ਚੱਲ ਰਹੀਆਂ ਸਨ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਰੀਬ 8 ਹਜ਼ਾਰ ਮੁਲਾਜ਼ਮ ਪੱਕੇ ਰੁਜ਼ਗਾਰ ਦੀ ਮੰਗ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ 9 ਦਿਨ ਪਹਿਲਾਂ ਇਨਾਂ੍ਹ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਕਰੀਬ 4 ਹਜ਼ਾਰ ਸਰਕਾਰੀ ਬੱਸਾਂ ਦਾ ਚੱਕਾ ਪੂਰੀ ਤਰਾਂ ਜਾਮ ਰਿਹਾ ਤੇ ਦੋਵਾਂ ਵਿਭਾਗਾਂ ਨੂੰ 9 ਦਿਨ ‘ਚ ਕਰੀਬ 8 ਕਰੋੜ ਰੁਪਏ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ।

ਆਖਰਕਾਰ ਸਰਕਾਰ ਵੱਲੋਂ ਇੰਨਾਂ੍ਹ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਮੰਨ ਕੇ ਹੜਤਾਲ ਖਤਮ ਕਰਨ ਲਈ ਰਾਜ਼ੀ ਕਰ ਲਿਆ ਹੈ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਬਠਿੰਡਾ ਡਿੱਪੂ ਦੇ ਪ੍ਰਧਾਨ ਸੰਦੀਪ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ ,ਪਾਲਾ ਸਿੰਘ, ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਅਧੀਨ ਭਰਤੀ ਕਰੀਬ 2 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਆਊਟਸੋਰਸ ਰਾਹੀਂ ਭਰਤੀ ਕਰੀਬ 6 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਲੈਣ ਦੇ ਭਰੋਸੇ ਤਹਿਤ ਹੜਤਾਲ ਖ਼ਤਮ ਕੀਤੀ ਗਈ ਹੈ, ਕਿਉਂਕਿ ਕਰੀਬ 2 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਪੂਰੀ ਹੋ ਗਈ ਹੈ, ਜਦੋਂਕਿ ਆਊਟਸੋਰਸਿਜ਼ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਲੈਣ ਕਰਕੇ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ।

ਉਨਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਨਾਲ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੀ ਹੋਈ ਮੀਟਿੰਗ ਵਿਚ ਨਵੀਂਆਂ ਬੱਸਾਂ ਦਾ ਫਲੀਟ ਪਾਉਣ, ਪੂਰੀਆਂ ਸਹੂਲਤਾਂ ਮੁਹੱਈਆ ਕਰਵਾਉਣ, ਖਾਲੀ ਅਸਾਮੀਆਂ ਭਰਨ ਸਮੇਤ ਬਾਕੀ ਮੰਗਾਂ ‘ਤੇ ਵੀ ਸਹਿਮਤੀ ਬਣੀ ਹੈ, ਜਿਸ ਕਰਕੇ ਪੂਰੇ ਪੰਜਾਬ ਵਿਚ ਹੁਣੇ ਹੜਤਾਲ ਖ਼ਤਮ ਹੋ ਗਈ ਹੈ। ਉਨਾਂ੍ਹ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੇ ਹੱਕ ਬਹਾਲ ਕਰਕੇ ਰੈਗੂਲਰ ਰੁਜ਼ਗਾਰ ਨਾ ਦਿੱਤਾ ਤਾਂ ਸੰਘਰਸ਼ ਫਿਰ ਸ਼ੁਰੂ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *