ਸਹੁਰੇ ਪਰਿਵਾਰ ਦੀ ਤਾੜਨਾ ਤੋਂ ਦੁੱਖੀ ਔਰਤ ਨੇ ਲਾਇਆ ਫਾਹਾ

ਜਲੰਧਰ,16 ਦਸੰਬਰ (ਪੀ.ਵੀ ਨਿਊਜ਼) ਥਾਣਾ ਨੰਬਰ 6 ਦੀ ਹੱਦ ਵਿਚ ਪੈਂਦੇ ਜੀਟੀਬੀ ਨਗਰ ਵਿਚ ਵੀਰਵਾਰ ਸਵੇਰੇ ਇਕ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।

ਜਾਣਕਾਰੀ ਅਨੁਸਾਰ ਜੀਟੀਬੀ ਨਗਰ ਵਿੱਚ ਰਹਿਣ ਵਾਲੇ ਛਾਬੜਾ ਇਲੈਕਟ੍ਰੀਕਲਜ਼ ਫਗਵਾੜਾ ਗੇਟ ਦੇ ਮਾਲਿਕ ਲਵਲੀਨ ਛਾਬੜਾ ਦੀ ਪਤਨੀ ਪ੍ਰੀਆ ਛਾਬੜਾ ਨੇ ਆਪਣੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਪ੍ਰੀਆ ਦਾ ਲੜਕਾ ਹਾਰਦਿਕ ਛਾਬੜਾ ਉਸਦੇ ਕਮਰੇ ਵਿਚ ਗਿਆ ਤਾਂ ਪ੍ਰੀਆ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਉਸ ਦੀਆਂ ਚੀਕਾਂ ਸੁਣ ਕੇ ਸਾਰਾ ਪਰਿਵਾਰ ਕਮਰੇ ਵਿੱਚ ਪਹੁੰਚਿਆ। ਹਾਰਦਿਕ ਨੇ ਇਸ ਦੀ ਸੂਚਨਾ ਆਪਣੇ ਨਾਨਕੇ ਘਰ ਆਪਣੇ ਮਾਮੇ ਮਨੋਜ ਮਾਘੋ ਵਾਸੀ ਸ਼ਹੀਦ ਊਧਮ ਸਿੰਘ ਨਗਰ ਨੂੰ ਦਿੱਤੀ ਜੋ ਤੁਰੰਤ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਬਾਰੇ ਥਾਣਾ ਛੇ ਦੀ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮਨੋਜ ਮਾਘੋ ਨੇ ਦੱਸਿਆ ਕਿ ਉਸ ਦੀ ਭੈਣ ਪ੍ਰੀਆ ਦਾ ਵਿਆਹ 17 ਸਾਲ ਪਹਿਲਾਂ ਲਵਲੀਨ ਛਾਬੜਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪ੍ਰੀਆ ਦੇ ਘਰ ਇੱਕ ਲੜਕਾ ਅਤੇ ਇਕ ਲੜਕੀ ਦਾ ਜਨਮ ਹੋਇਆ ਹੈ। ਵਿਆਹ ਤੋਂ ਬਾਅਦ ਤੋਂ ਉਸਦੀ ਭੈਣ ਨੂੰ ਉਸ ਦੇ ਸਹੁਰਾ ਪਰਿਵਾਰ ਵਾਲੇ ਦਾਜ ਵਾਸਤੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਜਿਸ ਕਾਰਨ ਉਸ ਦੀ ਭੈਣ ਕਾਫੀ ਦੁਖੀ ਸੀ। ਅੱਜ ਸਵੇਰੇ ਉਸ ਦੇ ਭਾਣਜੇ ਹਾਰਦਿਕ ਦਾ ਫੋਨ ਆਇਆ ਸੀ ਕਿ ਉਸ ਦੀ ਮੰਮੀ ਨੇ ਫਾਹਾ ਲੈ ਲਿਆ ਹੈ ਅਤੇ ਉਸ ਦੇ ਹੱਥਾਂ ਪੈਰਾਂ ਦੀਆਂ ਨਸਾਂ ਵੀ ਕੱਟੀਆਂ ਹੋਈਆਂ ਹਨ। ਜਿਸ ਤੋਂ ਬਾਅਦ ਹੀ ਉਹ ਮੌਕੇ ‘ਤੇ ਪਹੁੰਚੇ ਹਨ। ਮਨੋਜ ਨੇ ਦੱਸਿਆ ਕਿ ਉਸਦੀ ਭੈਣ ਨੂੰ ਲਵਲੀਨ, ਉਸਦਾ ਵੱਡਾ ਭਰਾ ਅਸ਼ਵਨੀ, ਭਾਬੀ ਮੀਨਾਕਸ਼ੀ, ਭੈਣ ਸ਼ੈਲੀ ਅਤੇ ਉਸ ਦਾ ਪਤੀ ਨੀਰਜ ਨੰਦਾ ਬਹੁਤ ਤੰਗ ਕਰਦੇ ਸਨ, ਜਿਸ ਤੋਂ ਉਹ ਬਹੁਤ ਦੁਖੀ ਸੀ ਅਤੇ ਅਕਸਰ ਹੀ ਉਨ੍ਹਾਂ ਨੂੰ ਇਨ੍ਹਾਂ ਦੀਆਂ ਤਾੜਨਾ ਬਾਰੇ ਦੱਸਦੀ ਰਹਿੰਦੀ ਸੀ। ਉਨ੍ਹਾਂ ਕਈ ਵਾਰ ਇਨ੍ਹਾਂ ਨਾਲ ਗੱਲਬਾਤ ਵੀ ਕੀਤੀ ਪਰ ਹਰ ਵਾਰ ਸਿਰਫ਼ ਭਰੋਸਾ ਹੀ ਦਿੰਦੇ ਸਨ ਪਰ ਉਸ ਤੋਂ ਬਾਅਦ ਦੁਬਾਰਾ ਤੋਂ ਉਸ ਦੀ ਭੈਣ ਨੂੰ ਤੰਗ ਕਰਨ ਲੱਗ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਉਸਦੀ ਭੈਣ ਦੀਆਂ ਨਸਾਂ ਕੱਟਣ ਤੋਂ ਬਾਅਦ ਉਸ ਨੂੰ ਫਾਹੇ ‘ਤੇ ਲਟਕਾਇਆ ਗਿਆ ਹੈ।

Leave a Reply

Your email address will not be published. Required fields are marked *