ਡੀਸੀ ਦਫ਼ਤਰਾਂ ‘ਚ ਮੰਗਲਵਾਰ ਤੋਂ ਮੁੜ ਪਰਤਣਗੀਆਂ ਰੌਣਕਾਂ, ਕਾਮਿਆਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ

ਐੱਸਏਐੱਸ ਨਗਰ ,11 ਦਸੰਬਰ (ਪੀ.ਵੀ ਨਿਊਜ਼) ਪੰਜਾਬ ਦੇ ਡੀਸੀ ਦਫਤਰਾਂ ਅਤੇ ਤਹਿਸੀਲਾਂ ਵਿਚ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਕਾਰਨ 22 ਨਵੰਬਰ ਤੋਂ ਕੰਮਕਾਜ ਬਿਲਕੁਲ ਠੱਪ ਰਿਹਾ ਹੈ। ਹੁਣ ਸਰਕਾਰ ਵੱਲੋਂ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ । ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਮੁੜ ਬਹਾਲ ਕਰਨ ਤੋਂ ਬਾਅਦ ਇਨ੍ਹਾਂ ਜਥੇਬੰਦੀਆਂ ਵੱਲੋਂ 14 ਨਵੰਬਰ ਮੰਗਲਵਾਰ ਨੂੰ ਮੁੜ ਤੋਂ ਆਪਣੇ ਕੰਮ ਤੇ ਵਾਪਸ ਆਉਣ ਦਾ ਐਲਾਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ ਤਹਿਸੀਲ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਦਿਨੀਂ ਮੁਕੱਦਮਾ ਦਰਜ ਕਰਕੇ 9 ਦਿਨ ਹਿਰਾਸਤ ਵਿਚ ਰੱਖਿਆ ਸੀ। ਜਿਸ ਦੇ ਰੋਸ ਵਜੋਂ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਮਾਲ ਅਫਸਰ,ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ-ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਡੀਸੀ ਦਫ਼ਤਰ ਦੇ ਕਾਮੇ, ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਡਿਊਟੀਆਂ ਦਾ ਬਾਈਕਾਟ ਕੀਤਾ ਹੋਇਆ ਸੀ।

ਜਿਸ ਨਾਲ ਆਮ ਲੋਕਾਂ ਦੇ ਰਜਿਸਟ੍ਰੇਸ਼ਨ ਅਤੇ ਕਈ ਤਰ੍ਹਾਂ ਦੇ ਸਰਟੀਫਿਕੇਟਾਂ ਨਾਲ ਜੁੜੇ ਕੰਮਾਂ ਤੋਂ ਇਲਾਵਾ ਹੋਰ ਬਹੁਤ ਹੀ ਮਹੱਤਵਪੂਰਨ ਕੰਮ ਅਟਕੇ ਪਏ ਸਨ।ਜਥੇਬੰਦੀਆਂ ਵੱਲੋਂ ਕੀਤੇ ਗਏ ਲੰਬੇ ਸੰਘਰਸ਼ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਨੂੰ ਖਾਨਾ ਨੰਬਰ ਦੋ ਵਿਚ ਰੱਖਿਆ ਗਿਆ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਨੂੰ ਮੁੜ ਬਹਾਲ ਕਰਕੇ ਮਾਹਿਲਪੁਰ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ ਜਿਸ ਕਾਰਨ ਹਡ਼ਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਮੰਗਲਵਾਰ ਤੋਂ ਮੁੜ ਆਪਣੀਆਂ ਡਿਊਟੀਆਂ ਤੇ ਤਾਇਨਾਤ ਹੋਣ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *