ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਗਈਆਂ ਨਰਸਾਂ ਨੇ ਕੰਪਨੀ ਬਾਗ ਚੌਕ ‘ਚ ਲਾਇਆ ਧਰਨਾ

ਜਲੰਧਰ,10 ਦਸੰਬਰ (ਪੀ.ਵੀ ਨਿਊਜ਼) ਪਿਛਲੇ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਗਈਆਂ ਸਿਵਲ ਹਸਪਤਾਲ ਦੀਆਂ ਨਰਸਾਂ ਨੇ ਰੋਹ ਵਿਚ ਆ ਕੇ ਅੱਜ ਕੰਪਨੀ ਬਾਗ ਚੌਕ ਵਿਚ ਧਰਨਾ ਲਾ ਦਿੱਤਾ ਹੈ। ਨਰਸਾਂ ਨੇ ਕੰਪਨੀ ਬਾਗ ਚੌਕ ਵਿਚ ਮਨੁੱਖੀ ਲੜੀ ਬਣਾ ਕੇ ਘੇਰਾਬੰਦੀ ਕਰ ਦਿੱਤੀ ਹੈ ਜਿਸ ਨਾਲ ਲਵਕੁਸ਼ ਚੌਕ, ਭਗਵਾਨ ਵਾਲਮੀਕਿ ਚੌਕ, ਪ੍ਰੈੱਸ ਕਲੱਬ ਚੌਕ ਤੇ ਨਗਰ ਨਿਗਮ ਦੇ ਅੰਦਰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਰਸਤੇ ਬੰਦ ਹੋਣ ਕਾਰਨ ਚੁਫੇਰਿਓਂ ਆਉਣ ਵਾਲੀਆਂ ਗੱਡੀਆਂ ਦੀ ਆਵਾਜਾਈ ਰੁਕ ਗਈ ਹੈ ਅਤੇ ਲੋਕ ਜਾਮ ਵਿਚ ਫਸ ਗਏ ਹਨ। ਨਰਸਾਂ ਵੱਲੋਂ ਚੌਕ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਨਰਸਾਂ ਦੇ ਅਣਮਿੱਥੇ ਸਮੇਂ ਲਈ ਹੜਤਾਲ ਉਤੇ ਜਾਣ ਕਾਰਨ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਪਈਆਂ ਹਨ ਅਤੇ ਹਸਪਤਾਲ ਵਿਚ ਸੰਨਾਟਾ ਪੱਸਰਿਆ ਹੋਇਆ ਹੈ। ਨਰਸਾਂ ਦੀ ਮੰਗ ਹੈ ਕਿ ਸੱਤਵਾਂ ਤਨਖਾਹ ਕਮਿਸ਼ਨ ਮੁਕੰਮਲ ਤੌਰ ਉਤੇ ਲਾਗੂ ਕੀਤਾ ਜਾਵੇ।

Leave a Reply

Your email address will not be published. Required fields are marked *