Omicron Variant Alert ! ਵਿਦੇਸ਼ ਤੋਂ ਆਏ 50 ਯਾਤਰੀ ਫੋਨ ਬੰਦ ਕਰਕੇ ਹੋਏ ਗਾਇਬ, ਟ੍ਰੇਸਿੰਗ ਲਈ ਸਿਹਤ ਵਿਭਾਗ ਨੇ ਚੁੱਕਿਆ ਵੱਡਾ ਕਦਮ

ਲੁਧਿਆਣਾ , 7 ਦਸੰਬਰ (ਪੀ.ਵੀ ਨਿਊਜ਼) ਵਿਦੇਸ਼ ਤੋਂ ਵਾਪਸ ਆ ਰਹੇ ਕਈ ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ। ਇਨ੍ਹਾਂ ’ਚੋਂ ਕਈ ਮਾਮਲਿਆਂ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਮਿਲਿਆ ਹੈ। ਇਸੀ ਖ਼ਤਰੇ ਦੇ ਚੱਲਦਿਆਂ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਦੇਸ਼ ਤੋਂ ਆ ਰਹੇ ਲੋਕਾਂ ਨੂੰ ਲੈ ਕੇ ਚੌਕਸ ਹੋ ਗਿਆ ਹੈ। ਜ਼ਿਲ੍ਹੇ ’ਚ 26 ਨਵੰਬਰ ਤੋਂ ਬਾਅਦ ਤੋਂ ਹੁਣ ਤਕ ਕੁੱਲ 1002 ਲੋਕ ਵਿਦੇਸ਼ ਤੋਂ ਆਏ ਹਨ। ਵਿਭਾਗ ਇਨ੍ਹਾਂ ਨੂੰ ਹੋਮ ਕੁਆਰੰਟਾਈਨ ਕਰ ਰਿਹਾ ਹੈ। ਓਮੀਕ੍ਰੋਨ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਹਾਈ ਰਿਸਕ ਸ਼੍ਰੇਣੀ ’ਚ ਰੱਖਿਆ ਗਿਆ ਹੈ।

ਫਿਲਹਾਲ ਸਿਹਤ ਵਿਭਾਗ ਓਮੀਕਰੋਨ ਤੋਂ ਪ੍ਰਭਾਵਿਤ ਦੇਸ਼ਾਂ ਤੋਂ ਪਰਤੇ ਯਾਤਰੀਆਂ ਦੀ ਸੂਚੀ ਤਿਆਰ ਕਰ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਵਿਦੇਸ਼ ਤੋਂ ਲੁਧਿਆਣਾ ਆਇਆ ਕੋਈ ਵੀ ਯਾਤਰੀ ਪਾਜ਼ੀਟਿਵ ਨਹੀਂ ਪਾਇਆ ਗਿਆ ਹੈ। ਫਿਰ ਵੀ ਸਿਹਤ ਵਿਭਾਗ ਦੀ ਚਿੰਤਾ ਹੈ ਕਿ ਇੱਕ ਹਜ਼ਾਰ ਵਿੱਚੋਂ 50 ਦੇ ਕਰੀਬ ਯਾਤਰੀ ਅਜਿਹੇ ਹਨ ਜਿਨ੍ਹਾਂ ਦੇ ਫ਼ੋਨ ਨੰਬਰ ਬੰਦ ਹਨ ਅਤੇ ਉਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਰਿਹਾ। ਜੇਕਰ ਇਹ ਲੋਕ ਸ਼ਰੇਆਮ ਘੁੰਮਦੇ ਰਹੇ ਤਾਂ ਸਿਹਤ ਵਿਭਾਗ ਦੀ ਹੁਣ ਤੱਕ ਕੀਤੀ ਗਈ ਮਿਹਨਤ ਰੁਲ ਜਾਵੇਗੀ। ਇਨ੍ਹਾਂ ਲੋਕਾਂ ਦਾ ਪਤਾ ਲਗਾਉਣ ਲਈ ਵਿਭਾਗ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਵੇਗਾ।

ਸਿਵਲ ਸਰਜਨ ਡਾ.ਐਸ.ਪੀ ਸਿੰਘ ਦਾ ਕਹਿਣਾ ਹੈ ਕਿ ਸਾਰੇ ਐਸ.ਐਮ.ਓਜ਼ ਨਾਲ ਮੀਟਿੰਗ ਕਰਕੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਬਲਾਕ ਪੱਧਰ ’ਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਵਟਸਐਪ ‘ਤੇ ਇਨ੍ਹਾਂ ਅਧਿਕਾਰੀਆਂ ਦਾ ਇਕ ਗਰੁੱਪ ਬਣਾਇਆ ਗਿਆ ਹੈ। ਜਦੋਂ ਵੀ ਸਰਕਾਰ ਵੱਲੋਂ ਵਿਦੇਸ਼ੀ ਯਾਤਰੀਆਂ ਦੀ ਸੂਚੀ ਆਵੇਗੀ ਤਾਂ ਇਸ ਨੂੰ ਤੁਰੰਤ ਨੋਡਲ ਅਫ਼ਸਰਾਂ ਨਾਲ ਸਾਂਝਾ ਕੀਤਾ ਜਾਵੇਗਾ। ਨੋਡਲ ਅਫਸਰ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਖੇਤਰ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਘਰਾਂ ਵਿੱਚ ਕੁਆਰੰਟੀਨ ਹੋਣ।

ਸਿਵਲ ਸਰਜਨ ਡਾ.ਐਸ.ਪੀ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਇਲਾਕੇ, ਰਿਸ਼ਤੇਦਾਰ ਜਾਂ ਆਸ-ਪਾਸ ਵਿਦੇਸ਼ ਤੋਂ ਆਉਣ ਵਾਲਾ ਕੋਈ ਵਿਅਕਤੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ ਤਾਂ ਉਹ ਤੁਰੰਤ ਹੈਲਪਲਾਈਨ ਨੰਬਰ 0161-2444193 ‘ਤੇ ਸੂਚਨਾ ਦੇਣ। ਲੋਕ ਕਿਰਪਾ ਕਰਕੇ ਸਹੀ ਜਾਣਕਾਰੀ ਦੇਣ।

Leave a Reply

Your email address will not be published. Required fields are marked *