ਜਲੰਧਰ ਬੱਸ ਸਟੈਂਡ ਦੇ ਬਾਹਰ ਨੌਜਵਾਨ ਦੀ ਹੱਤਿਆ ਮਾਮਲੇ ‘ਚ CCTV ਫੁਟੇਜ ਆਈ ਸਾਹਮਣੇ, ਪੁੱਛਗਿੱਛ ਕਰ ਰਹੀ ਪੁਲਿਸ

ਜਲੰਧਰ , 26 ਨਵੰਬਰ (ਪੀ.ਵੀ ਨਿਊਜ਼) ਬੱਸ ਸਟੈਂਡ ਫਲਾਈਓਵਰ ਦੇ ਥੱਲੇ ਅਰਮਾਨ ਟੂਰ ਐਂਡ ਟਰੈਵਲਜ਼ ਵਾਲਿਆਂ ਵੱਲੋਂ ਕੀਤੀ ਜਾ ਰਹੀ ਜਨਮਦਿਨ ਦੀ ਪਾਰਟੀ ਤੋਂ ਬਾਅਦ ਸ਼ਰਾਬੀ ਹਾਲਤ ‘ਚ ਉਨ੍ਹਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਗੋਲੀਆਂ ਚਲਾਉਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਆਟੋ ਚਲਾਉਣ ਵਾਲੇ ਕਵੀ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਅਰਮਾਨ ਟੂਰ ਐਂਡ ਟਰੈਵਲਜ਼ ਵਾਲੇ ਫਲਾਈਓਵਰ ਥੱਲੇ ਬਹਿ ਕੇ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਤੋਂ ਬਾਅਦ ਕੁਝ ਨੌਜਵਾਨ ਸ਼ਰਾਬੀ ਹਾਲਤ ਵਿੱਚ ਉਨ੍ਹਾਂ ਦੇ ਆਟੋ ਕੋਲ ਆ ਗਏ ਅਤੇ ਬਿਨਾਂ ਕਿਸੇ ਕਾਰਨ ਬਹਿਸ ਕਰਨ ਲੱਗੇ। ਬਹਿਸ ਕਰਦੇ ਕਰਦੇ ਉਹ ਮਾਰਕੁੱਟ ਤੇ ਉਤਰ ਆਏ ਜਦ ਆਟੋ ਦੇ ਕੋਲ ਖੜ੍ਹੇ ਲੱਕੀ ਗਿੱਲ ਵਾਸੀ ਅਰਜੁਨ ਨਗਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸ਼ਰਾਬੀ ਨੌਜਵਾਨਾਂ ਨੇ ਵਿੱਚੋਂ ਇੱਕ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਲੱਕੀ ਗਿੱਲ ਦੀ ਛਾਤੀ ਵਿੱਚ ਲੱਗੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।

ਜ਼ਖਮੀ ਹਾਲਤ ਵਿਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸ਼ਹਿਰ ਵਿਚ ਗੋਲੀ ਚੱਲਣ ਦੀ ਸੂਚਨਾ ਤੋਂ ਬਾਅਦ ਏਡੀਸੀਪੀ, ਏਸੀਪੀ ,ਥਾਣਾ ਛੇ ਦੇ ਮੁਖੀ ਅਤੇ ਚੌਕੀ ਬੱਸ ਸਟੈਂਡ ਦੇ ਇੰਚਾਰਜ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉੱਥੇ ਹੀ ਵਾਰਦਾਤ ਵੇਲੇ ਮੌਕੇ ‘ਤੇ ਹੋ ਰਹੀ ਬਰਥਡੇ ਪਾਰਟੀ ਤੇ ਘਟਨਾ ਤੋਂ ਬਾਅਦ ਭੱਜਦੇ ਹੋਏ ਨੌਜਵਾਨਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਸੀਸੀਟੀਵੀ ‘ਚ ਵਾਰਦਾਤ ਵੇਲੇ ਮੌਜੂਦ ਨੌਜਵਾਨਾਂ ਦੇ ਚਿਹਰੇ ਸਾਫ਼ ਦੇਖੇ ਜਾ ਸਕਦੇ ਹਨ।

ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਲੱਕੀ ਗਿੱਲ ਦੇ ਪਿਤਾ ਕੁਲਵੰਤ ਗਾਇਕ ਗਿੱਲ ਦੇ ਬਿਆਨਾਂ ਤੇ ਅਰਮਾਨ ਟੂਰ ਐਂਡ ਟਰੈਵਲ ਦੇ ਮਾਲਕ ਸੰਦੀਪ ਸਿੰਘ ਉਰਫ ਰਿੰਕੂ ਵਾਸੀ ਗੋਪਾਲਪੁਰ, ਬਿੱਲਾ ਵਾਸੀ ਰਾਮਾ ਮੰਡੀ ਅਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਧਾਰਾ 302/307/25/54/59 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਗਈ ਹੈ ਪਰ ਹਾਲੇ ਤਕ ਕੋਈ ਵੀ ਮੁਲਜ਼ਮ ਪੁਲਸ ਦੇ ਹੱਥੇ ਨਹੀਂ ਚੜ੍ਹਿਆ ਉਨ੍ਹਾਂ ਦੱਸਿਆ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *