ਕੇਂਦਰੀ ਜੇਲ੍ਹ ਦੀ ਗਰਾਊਂਡ ‘ਚੋਂ 14 ਮੋਬਾਇਲ , 40 ਨਸ਼ੇ ਦੀਆਂ ਗੋਲੀਆਂ ਅਤੇ ਚਾਰਜਰ ਈਅਰਫ਼ੋਨ ਬਰਾਮਦ

ਫਿਰੋਜ਼ਪੁਰ ,16 ਨਵੰਬਰ (ਪੀ.ਵੀ ਨਿਊਜ਼) ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਮੋਬਾਇਲ ਫ਼ੋਨ ਅਤੇ ਨਸ਼ੀਲੀਆਂ ਵਸਤੂਆਂ ਦਾ ਮਿਲਣਾ ਲਗਾਤਾਰ ਜਾਰੀ ਹੈ। ਮਿਤੀ 14 ਅਤੇ 15 ਨਵੰਬਰ ਦੀ ਦਰਮਿਆਨੀ ਰਾਤ ਜੇਲ੍ਹ ਦੀ ਗਰਾਊਂਡ ਵਿਚੋਂ 14 ਮੋਬਾਇਲ ਫ਼ੋਨ 40 ਨਸ਼ੇ ਦੀਆਂ ਗੋਲੀਆਂ ਅਤੇ ਚਾਰਜਰ ਈਅਰਫ਼ੋਨ ਵਗੈਰਹ ਹੋਰ ਸਮਾਨ ਵੀ ਬਰਾਮਦ ਹੋਣ ਦੀ ਖ਼ਬਰ ਹੈ। ਇਹ ਸਾਮਾਨ ਜੇਲ੍ਹ ਦੇ ਲੰਗਰ ਹਾਲ ਪਿਛਲੀ ਖਾਲੀ ਗਰਾਊਂਡ ਵਿਚ ਪਏ ਦੋ ਪਲਾਸਟਿਕ ਦੇ ਪੈਕਟਾਂ ਵਿਚੋਂ ਬਰਾਮਦ ਹੋਇਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਾਮਾਨ ਵੀ ਜੇਲ੍ਹ ਦੇ ਬਾਹਰੋਂ ਹਵਾਈ ਰੂਟ ਜ਼ਰੀਏ ਭੇਜਿਆ ਗਿਆ ਹੋ ਸਕਦਾ ਹੈ।

ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ 42, 52-ਏ ਪਰੀਜ਼ਨਜ਼ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰੀ ਸਿੰਘ ਨੇ ਥਾਣਾ ਸਿਟੀ ਨੂੰ ਭੇਜੇ ਪੱਤਰ ਨੰਬਰ 8783 ਰਾਹੀਂ ਦੱਸਿਆ ਕਿ ਮਿਤੀ 14-15 ਨਵੰਬਰ 2021 ਨੂੰ ਉਹ ਬਤੌਰ ਨਾਇਟ ਅਫ਼ਸਰ ਡਿਊਟੀ ‘ਤੇ ਸੀ ਅਤੇ ਵਾਰਡਰ ਹਰਜਿੰਦਰ ਸਿੰਘ ਨੰਬਰ 2603 ਦੀ ਡਿਊਟੀ ਬਲਾਕ ਨੰਬਰ 1 ਤੋਂ 3 ਅਤੇ ਲੰਗਰ ਹਾਲ ਇਲਾਕੇ ਵਿਚ ਸੀ। ਇਸ ਦੌਰਾਨ ਲੰਗਰ ਦੇ ਪਿਛਲੇ ਪਾਸੇ ਖਾਲੀ ਗਰਾਊਂਡ ਵਿਚੋਂ ਉਸ ਨੂੰ 2 ਪੈਕੇਟ ਪੀਲੇ ਰੰਗ ਦੀ ਪਲਾਸਟਿਕ ਦੀ ਟੇਪ ਵਿਚ ਲਪੇਟੇ ਹੋਏ ਮਿਲੇ, ਜਿਨ੍ਹਾਂ ਨੂੰ ਲਿਆ ਕੇ ਉਸ ਕੋਲ ਪੇਸ਼ ਕੀਤਾ ਗਿਆ ਤਾਂ ਪੈਕੇਟ ਖੋਲ੍ਹ ਕੇ ਚੈੱਕ ਕਰਨ ‘ਤੇ ਇਨ੍ਹਾਂ ਵਿਚੋਂ 10 ਮੋਬਾਇਲ ਫ਼ੋਨ ਮਾਰਕਾ ਨੋਕੀਆ (ਕੀ-ਪੈਡ) ਸਮੇਤ ਬੈਟਰੀਆਂ, 1 ਮੋਬਾਇਲ ਫ਼ੋਨ ਮਾਰਕਾ ਸੈਮਸੰਗ (ਕੀ ਪੈਡ) ਬਿਨ੍ਹਾ ਸਿੰਮ ਕਾਰਡ, ਇਕ ਮੋਬਾਇਲ ਫ਼ੋਨ ਮਾਰਕਾ ਕਚੋਡਾ (ਕੀ ਪੈਡ) ਬਿਨ੍ਹਾਂ ਸਿਮ ਕਾਰਡ, ਇਕ ਮੋਬਾਇਲ ਫ਼ੋਨ ਮਾਰਕਾ ਰੈਡਮੀ (ਟੱਚ ਸਕਰੀਨ) ਬਿਨ੍ਹਾ ਸਿਮ ਕਾਰਡ, 1 ਮੋਬਾਇਲ ਫ਼ੋਨ ਮਾਰਕਾ ਰੀਅਲ ਮੀ (ਟੱਚ ਸਕਰੀਨ) ਬਿਨ੍ਹਾਂ ਸਿਮ ਕਾਰਡ, 2 ਡਾਟਾ ਕੇਬਲਾਂ, 4 ਚਾਰਜਿੰਗ ਪਿੰਨਾਂ, 2 ਬੈਟਰੀਆਂ ਮਾਰਕਾ ਸੈਮਸੰਗ, ਜੋੜੀ ਹੈਡਫ਼ੋਨ ਮਾਰਕਾ ਓਪੋ ਕੰਪਨੀ ਦਾ, 1 ਬਲੂਟੁੱਥ ਵਾਇਰਲੈਸ ਹੈੱਡਫ਼ੋਨ ਸੈੱਟ ਅਤੇ 40ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *